
ਲੁਧਿਆਣਾ, 18 ਸਤੰਬਰ : ਸ਼ੇਰਪੁਰ ਚੌਕ ਨੇੜੇ ਦਾਸ ਬਿਲਡਰ ਦੇ ਪੁੱਤਰ ਨਿਕਾਸ ਗੁਪਤਾ ’ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨਿਕਾਸ ਦੀ ਲੱਤ ਟੁੱਟ ਗਈ ਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ ਹਨ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੰਭੀਰ ਹਾਲਤ ’ਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪੀੜਤ ਧਿਰ ਨੇ ਇਸ ਬਾਰੇ ਥਾਣਾ ਡਵੀਜ਼ਨ-6 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸਮੇਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਕਾਸ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਾਸ ਬਿਲਡਰ ਦੇ ਨਾਂ ਨਾਲ ਇਕ ਕੰਸਟ੍ਰਕਸ਼ਨ ਕੰਪਨੀ ਹੈ। ਕੁਝ ਦਿਨ ਪਹਿਲਾਂ ਉਹ ਮੋਗਾ ’ਚ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਦਾ 10 ਕਰੋੜ ਦਾ ਟੈਂਡਰ ਭਰਨ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਸਮੇਂ ਉਥੇ ਦੇ ਠੇਕੇਦਾਰਾਂ ਨੇ ਮਿਲ ਕੇ ਨਿਕਾਸ ਨੂੰ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਆਪਣਾ ਟੈਂਡਰ ਵਾਪਸ ਲੈ ਲਵੇ ਪਰ ਨਿਕਾਸ ਨੇ ਟੈਂਡਰ ਵਾਪਸ ਨਹੀਂ ਲਿਆ। ਇਸੇ ਕਾਰਨ ਦੁਪਹਿਰ 2 ਵਜੇ ਦਾਸ ਬਿਲਡਰ ਦੇ ਦਫਤਰ ਦੇ ਬਾਹਰ ਜਦੋਂ ਗੁਪਤਾ ਆਪਣੀ ਕਾਰ ’ਚ ਬੈਠਣ ਜਾ ਰਿਹਾ ਸੀ, ਉਦੋਂ ਪੰਜ ਤੋਂ ਛੇ ਲੋਕ ਆਏ ਤੇ ਉਸ ਨੂੰ ਲੋਹੇ ਦੀ ਰਾਡ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਸ ਹਮਲੇ ’ਚ ਉਸ ਦੀ ਲੱਤ ਟੁੱਟ ਗਈ ਤੇ ਸਿਰ ਤੇ 20 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ, ਉਸ ਦੀਆਂ ਉਂਗਲੀਆਂ ਵੀ ਟੁੱਟ ਗਈਆਂ ਹਨ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਪੋਲੋ ਹਸਪਤਾਲ ’ਚ ਭਰਤੀ ਕਰਵਾਇਆ ਹੈ। ਥਾਣਾ ਡਵੀਜ਼ਨ 6 ਦੀ ਪੁਲਿਸ ਇਸ ਮਾਮਲੇ ’ਚ ਬਿਆਨ ਲੈ ਰਹੀ ਹੈ।



