ਬਿਜਲੀ ਮੀਟਰਾਂ ਤੋਂ ਬਗੈਰ ਚੱਲ ਰਹੀਆਂ ਪੰਜਾਬੀ ਯੂਨੀਵਰਸਿਟੀ ਹੋਸਟਲ ਕੰਟੀਨਾਂ
ਬਿਜਲੀ ਬਿੱਲ ਠੇਕੇਦਾਰਾਂ ਦੀ ਬਜਾਏ ਭਰ ਰਹੀ ਹੈ ਯੂਨੀਵਰਸਿਟੀ

ਪਟਿਆਲਾ, 30 ਜੁਲਾਈ : ਹੋਸਟਲਾਂ ਦੀਆਂ ਕੰਟੀਨਾਂ ਦਾ ਬਿਜਲੀ ਬਿੱਲ ਠੇਕੇਦਾਰਾਂ ਦੀ ਬਜਾਏ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਭਰਿਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਕੰਟੀਨ ਠੇਕੇ ’ਤੇ ਦੇਣ ਲਈ 31 ਸ਼ਰਤਾਂ ਹਨ, ਜਿਨ੍ਹਾਂ ’ਚੋਂ ਕੰਟੀਨ ਦਾ ਠੇਕਾ ਲੈਣ ਵਾਲੇ ਵੱਲੋਂ ਹੀ ਇਸਦਾ ਪੂਰਾ ਬਿਜਲੀ ਦਾ ਬਿੱਲ ਭਰੇ ਜਾਣ ਬਾਰੇ ਵੀ ਲਿਖਿਆ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਨੌਂ ਹੋਸਟਲਾਂ ਦੀਆਂ ਕੰਟੀਨਾਂ ਵਿਚ ਬਿਜਲੀ ਮੀਟਰ ਹੀ ਮੌਜੂਦ ਨਹੀਂ, ਜਿਸ ਤੋਂ ਸਪੱਸ਼ਟ ਹੈ ਕਿ ਕੰਟੀਨਾਂ ਵਿਚ ਵਰਤੀ ਜਾ ਰਹੀ ਬਿਜਲੀ ਦਾ ਬਿੱਲ ਵੀ ਪੰਜਾਬੀ ਯੂਨੀਵਰਸਿਟੀ ਖ਼ੁਦ ਹੀ ਭਰ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਬੀਬੀ ਸਾਹਿਬ ਕੌਰ ਹੋਸਟਲ, ਮਾਤਾ ਗੁਜਰੀ ਹੋਸਟਲ, ਸਿਲਵਰ ਜੁਬਲੀ ਹੋਸਟਲ, ਅੰਮ੍ਰਿਤਾ ਸ਼ੇਰ ਗਿੱਲ ਹੋਸਟਲ, ਮਾਈ ਭਾਗੋ ਹੋਸਟਲ, ਬੇਬੇ ਨਾਨਕੀ ਹੋਸਟਲ, ਡਾ. ਭੀਮ ਰਾਓ ਅੰਬੇਦਕਰ ਹੋਸਟਲ, ਸੀਸੀ ਸਪੋਰਟਸ ਵਿੰਗ (ਲੜਕੀਆਂ) ਦਾ ਹੋਸਟਲ, ਡੀਈ ਸਪੋਰਟਸ ਹੋਸਟਲ (ਲੜਕੇ) ਹਨ, ਜਿਨ੍ਹਾਂ ਦੀਆਂ ਕੰਟੀਨਾਂ ਨੂੰ ਹਰ ਸਾਲ ਠੇਕੇ ’ਤੇ ਦੇਣ ਲਈ ਟੈਂਡਰ ਪ੍ਰੀਕਿਰਿਆ ਕੀਤੀ ਜਾਂਦੀ ਹੈ। ਟੈਂਡਰ ਦੇਣ ਤੋਂ ਪਹਿਲਾਂ ਠੇਕੇਦਾਰਾਂ ਲਈ ਵੱਖ ਵੱਖ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ ਅੱਠਵੇਂ ਨੰਬਰ ਦੀ ਸ਼ਰਤ ਹੈ ਕਿ ਮੈੱਸ ਠੇਕੇਦਾਰ ਕੰਟੀਨ ਦੇ ਹਰ ਸਾਮਾਨ ਫਰੀਜ਼ਰ, ਰਸੋਈ ਗੈਸ ਚੁੱਲ੍ਹੇ, ਪਰਦੇ, ਫਰਨੀਚਰ, ਗੀਜ਼ਰ, ਵਾਟਰ ਫਿਲਟਰ, ਮਾਈਕਰੋਵੇਵ ਓਵਨ, ਡੀਪਫਰੀਜ਼ਰ, ਪੱਖੇ ਅਤੇ ਟਿਊਬ ਲਾਈਟ ਆਦਿ ਦੀ ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜੇ ਇਹ ਸਾਮਾਨ ਖਰਾਬ ਹੁੰਦਾ ਹੈ ਤਾਂ ਉਸ ਦੀ ਮੁਰੰਮਤ ਦਾ ਖਰਚਾ ਠੇਕੇਦਾਰ ਦਾ ਹੋਵੇਗਾ ਅਤੇ ਬਿਜਲੀ ਦਾ ਬਿੱਲ ਖੁਦ ਭਰੇਗਾ। ਇਕ ਕੰਟੀਨ ਅੰਦਰ ਵਿਚ ਘੱਟੋ ਘੱਟ 10 ਪੱਖੇ, ਦੋ ਫਰਿੱਜ, ਚਾਰ ਵੱਖ ਵੱਖ ਤਰ੍ਹਾਂ ਦੇ ਫਰਿੱਜ, ਸੱਤ ਟਿਊਬਾਂ ਤੇ ਕੂਲਰ ਵੀ ਹਨ, ਜਿਨ੍ਹਾਂ ਲਈ ਵਰਤੀ ਜਾ ਰਹੀ ਬਿਜਲੀ ਦਾ ਬਿੱਲ ਹੋਸਟਲ ਦੇ ਖਾਤੇ ਪੈ ਰਿਹਾ ਹੈ।
ਸਬ ਮੀਟਰ ਲਗਵਾਉਣ ਦੇ ਹੁਕਮ ਜਾਰੀ
ਬਿਨਾਂ ਮੀਟਰਾਂ ਤੋਂ ਹੋਸਟਲਾਂ ਦੀਆਂ ਕੰਟੀਨਾਂ ਵਿਚ ਵਰਤੀ ਜਾ ਰਹੀ ਬਿਜਲੀ ਦਾ ਯੂਨੀਵਰਸਿਟੀ ਨੇ ਗੰਭੀਰ ਨੋਟਿਸ ਲਿਆ ਹੈ। ਡੀਨ ਭਲਾਈ ਦਫਤਰ ਵੱਲੋਂ ਕਈ ਸਾਲਾਂ ਤੋਂ ਚੱਲ ਰਹੇ ਇਸ ਕੁੰਡੀ ਸਿਸਟਮ ’ਚ ਸੁਧਾਰ ਕਰਨ ਲਈ ਹੁਣ ਸਾਰੀਆਂ ਕੰਟੀਨਾਂ ’ਚ ਸਬ-ਮੀਟਰ ਲਗਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਵਿੱਤੀ ਨੁਕਸਾਨ ਦੀ ਹੋਵੇ ਭਰਪਾਈ : ਯਾਦੂ
ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਦਾ ਕਹਿਣਾ ਹੈ ਕਿ ਬਿਨਾਂ ਮੀਟਰਾਂ ਤੋਂ ਹੋਸਟਲ ਦੀਆਂ ਕੰਟੀਨਾਂ ’ਚ ਵਰਤੀ ਜਾ ਰਹੀ ਬਿਜਲੀ ਦਾ ਮਸਲਾ ਗੰਭੀਰ ਹੈ, ਇਨ੍ਹਾਂ ਮਸਿਲਆਂ ਨੂੰ ਦੇਖਣਾ ਪ੍ਰੋਵੋਸਟ ਦੀ ਜ਼ਿੰਮੇਵਾਰੀ ਹੈ। ਇਹ ਸਿੱਧੇ ਤੌਰ ’ਤੇ ਯੂਨੀਵਰਸਿਟੀ ’ਤੇ ਵਿੱਤੀ ਬੋਝ ਵੀ ਹੈ। ਪਿਛਲੇ ਸਾਲਾਂ ਵਿਚ ਹੋਏ ਇਸ ਵਿੱਤੀ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ ਤੇ ਅਣਗਹਿਲੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।



