ਬਿਜਨਸ ਬਲਾਸਟਰ ਐਕਸਪਰੋ ਪ੍ਰੋਗਰਾਮ ਵਿਚ ਸਰਕਾਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਟੌਪ 10 ਟੀਮਾਂ ਵਿਚ ਬਣਾਈ ਜਗ੍ਹਾ

ਫ਼ਿਰੋਜ਼ਪੁਰ, 7 ਜੁਲਾਈ (ਜਸਵਿੰਦਰ ਸਿੰਘ ਸੰਧੂ)– ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਵਿਚ ਪਹਿਲੀ ਵਾਰ ਆਯੋਜਿਤ ਬਿਜਨਸ ਬਲਾਸਟਰ ਐਕਸਪਰੋ 2025 ਆਈ.ਆਈ.ਟੀ ਰੋਪੜ ਵਿਖੇ ਹੋਇਆ। ਇਸ ਐਕਸਪਰੋ ਵਿਚ ਪੰਜਾਬ ਰਾਜ ਦੀਆਂ ਕੁੱਲ 50 ਟੀਮਾਂ ਨੇ ਭਾਗ ਲਿਆ, ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਅਤੇ ਉਦਮੀ ਹੁਨਰ ਰਾਹੀਂ ਪੂਰੇ ਰਾਜ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ। ਇਹ ਸਫਲਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸ਼੍ਰੀਮਤੀ ਮੁਨਿਲਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਸਤਿੰਦਰ ਸਿੰਘ, ਸਕੂਲ ਇੰਚਾਰਜ ਸ੍ਰੀਮਤੀ ਨੀਤੀਮਾ ਸ਼ਰਮਾ, ਸ਼੍ਰੀਮਤੀ ਕਮਲਜੀਤ ਕੌਰ ਦੀ ਅਗਵਾਈ ਹੇਠ ਸੰਭਵ ਹੋਇਆ। ਵਿਦਿਆਰਥੀਆਂ ਨੇ ਐਕਸਪਰੋ ਦੌਰਾਨ ਆਪਣੇ ਬਿਜ਼ਨਸ ਮਾਡਲ ਅਤੇ ਉਤਪਾਦਨ ਨਿਵੇਸ਼ਕਾਂ ਦੇ ਸਾਹਮਣੇ ਵਿਸਤਾਰਪੂਰਵਕ ਢੰਗ ਨਾਲ ਪੇਸ਼ ਕੀਤਾ। ਸਕੂਲ ਦੀ ਟੀਮ ਸੇਫਟੀ ਸਟਿਕ ਨੇ ਆਪਣੇ ਆਈ.ਡੀ.ਏ ਅਤੇ ਪ੍ਰੋਜੈਕਟ ਰਾਹੀਂ ਐਕਸਪਰੋ ਟੀਮਾਂ ਵਿਚੋਂ ਟੋਪ 10 ਟੀਮਾਂ ਵਿਚ ਆਪਣੀ ਥਾਂ ਬਣਾਈ। ਇੱਥੇ ਇਹ ਵਰਣਨਯੋਗ ਹੈ ਕਿ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਐਕਸਪਰੋਚ ਸ਼ਾਮਿਲ ਨਿਵੇਸ਼ਕਾਂ ਨੇ ਟੋਪ 10 ਟੀਮਾਂ ਲਈ ਕੁਲ 10 ਲੱਖ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ, ਜਿਸ ਵਿਚ ਸੇਫਟੀ ਸਟਿਕ ਵੀ ਸ਼ਾਮਿਲ ਹੈ। ਇਨ੍ਹਾਂ ਹੀ ਨਹੀਂ, ਸਗੋਂ ਸਕੂਲ ਦੀ ਟੀਮ ਨੂੰ ਮਾਨਯੋਗ ਸਿੱਖਿਆ ਮੰਤਰੀ ਦੇ ਪੰਜਾਬ ਭਵਨ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਪ੍ਰੋਡੈਕਟ ਦਿਖਾਉਣ ਦਾ ਮੌਕਾ ਮਿਲਿਆ, ਜਿਸ ਨੂੰ ਉੱਥੇ ਮੌਜੂਦ ਸਾਰੀਆਂ ਸ਼ਖਸ਼ੀਅਤਾਂ ਨੇ ਸਲਾਹਿਆ। ਇਸ ਸੇਫਟੀ ਸਟਿਕ ਨੂੰ ਬਣਾਉਣ ਦਾ ਆਈਡੀਆ ਜਮਾਤ ਦੇ ਵਿਦਿਆਰਥੀ ਮੰਥਨ ਦਾ ਸੀ, ਜਿਸ ਨੇ ਆਪਣੇ ਹੋਰ ਸੱਤ ਸਹਿਪਾਠੀਆਂ (ਸੁਖਮਨ ਸਿੰਘ, ਅਮਨਦੀਪ ਸਿੰਘ, ਗੁਰਕੀਰਤ ਸਿੰਘ, ਗੁਰਮੀਤ ਸਿੰਘ, ਅਰਸ਼ਦੀਪ ਸਿੰਘ, ਕਮਲਦੀਪ ਸਿੰਘ, ਦੀਪਾਸ਼ੂ) ਨਾਲ ਮਿਲ ਕੇ ਗਾਈਡ ਅਧਿਆਪਕ ਅਤੇ ਜਮਾਤ ਦੇ ਇੰਚਾਰਜ ਸ੍ਰੀਮਤੀ ਪੂਨਮ ਜਯੋਤੀ ਦੇ ਦਿਸ਼ਾ–ਨਿਰਦੇਸ਼ਾ ਦੀ ਪਾਲਣਾ ਕਰਕੇ ਇਸ ਨੂੰ ਤਿਆਰ ਕਰ ਇਸ ਪ੍ਰਦਰਸ਼ਨੀ ਵਿਚ ਸ਼ਾਮਿਲ ਕੀਤਾ। ਇਸ ਦੇ ਤਿੰਨ ਮੁੱਖ ਮਾਡਲ ਬਣਾਏ ਗਏ ਇਕ ਬਜ਼ੁਰਗਾਂ ਦੀ ਖੁੰਡੀ ਵਾਂਗ, ਦੂਸਰਾ ਸਕੂਲ ਵਿਦਿਆਰਥੀਆਂ ਦੇ ਕਿੱਟ ਲਈ ਤੀਸਰਾ ਸਮਾਜ ਵਿੱਚ ਕੰਮ ਕਾਜੀ ਔਰਤਾਂ ਜਾਂ ਘਰੇਲੂ ਔਰਤਾਂ ਦੇ ਬੈਗ ਵਿੱਚ ਆ ਸਕਣ ਵਾਲੀ। ਪ੍ਰੋਗਰਾਮ ਦੇ ਵਿਚ ਆਈ.ਆਈ.ਟੀ ਰੋਪੜ ਟੈਕਨੋਲੋਜੀ ਹੈੱਡ ਸ੍ਰੀ ਸ਼ਰੇ ਪਾਠਕ ਨੇ ਵਿਦਿਆਰਥੀਆਂ ਨੂੰ ਆਈ.ਆਈ.ਟੀ ਰੋਪੜ ਆਉਣ ਦਾ ਸੱਦਾ ਵੀ ਦਿੱਤਾ ਹੈ, ਜਿੱਥੇ ਇਸ ਟੀਮ ਦਾ ਟੈਕਨੀਕਲ ਅਤੇ ਆਰਥਿਕ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ’ਤੇ ਮਾਨਯੋਗ ਡੀ.ਪੀ.ਆਈ. ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਟੀਮ ਦੀ ਪ੍ਰਸ਼ੰਸ਼ਾ ਕੀਤੀ।



