
ਖੰਨਾ, 24 ਜੁਲਾਈ: ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਖੰਨਾ ਦੇ ਸਮਰਾਲਾ ਰੋਡ ’ਤੇ ਇਕ ਘਰ ’ਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਨਾਲ ਮਜੀਠੀਆਂ ਮਾਮਲੇ ਦੀਆਂ ਕੜੀਆਂ ਖੰਨਾ ਨਾਲ ਵੀ ਜੁੜਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਮਜੀਠੀਆ ਦੇ ਕਬਜ਼ੇ ’ਚੋਂ ਮਿਲੇ ਇੱਕ ਮੋਬਾਈਲ ’ਚ ਇੱਕ ਅਜਿਹੇ ਸਿਮ ਕਾਰਡ ਦੀ ਵਰਤੋਂ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਸਿਮ ਕਾਰਡ ਸਾਲ 2021 ’ਚ ਖੰਨਾ ’ਚ ਖ਼ਰੀਦਿਆ ਗਿਆ ਸੀ। ਇਹ ਸਿਮ ਖੰਨਾ ਨਿਵਾਸੀ ਜਸਮੀਤ ਸਿੰਘ ਦੇ ਨਾਮ ‘ਤੇ ਰਜਿਸਟਰਡ ਹੈ, ਇਹ ਵਿਅਕਤੀ ਹੁਣ ਖ਼ੁਦ ਵਿਦੇਸ਼ ਰਹਿੰਦਾ ਹੈ ਤੇ ਉਸਦਾ ਪਰਿਵਾਰ ਇੱਥੇ ਹੀ ਹੈੇ। ਖੰਨਾ ਨਾਲ ਮਜੀਠੀਆਂ ਦੀ ਤਾਰਾਂ ਜੁੜਨ ਨਾਲ ਲੋਕਾਂਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਵਿਜੀਲੈਂਸ ਬਿਊਰੋ ਸਿਮ ਖੰਨਾ ਤੋਂ ਜਾਰੀ ਹੋਣ ਦਾ ਪਤਾ ਲੱਗਿਆਂ ਤਾਂ ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ, ਜਸਮੀਤ ਦੇ ਸਮਰਾਲਾ ਰੋਡ ‘ਤੇ ਕਿਰਾਏ ਦੇ ਘਰ ਪਹੁੰਚੀ। ਇੱਥੇ ਜਸਮੀਤ ਦੇ ਮਾਪਿਆਂ ਅਤੇ ਛੋਟੇ ਭਰਾ ਤੋਂ ਕਾਫ਼ੀ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਫ਼ਤਿਹਗੜ੍ਹ ਸਾਹਿਬ, ਜਿੱਥੇ ਜਸਮੀਤ ਦਾ ਪਾਸਪੋਰਟ ਬਣਿਆ ਹੈ। ਪੁਲਿਸ ਅਧਿਕਾਰੀਆਂ ਨੇ ਉਸਦੇ ਪਿਤਾ ਨੂੰ ਵੀ ਬੁਲਾਇਆ ਤੇ ਜਾਣਕਾਰੀ ਲਈ। ਦੱਸਣਯੋਗ ਹੈ ਕਿ ਜਸਮੀਤ ਸਿੰਘ 13 ਜੁਲਾਈ ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਸੀ, ਜਦੋਂ ਕਿ ਉਸਦਾ ਵੀਜ਼ਾ ਜਨਵਰੀ 2024 ’ਚ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਸੀ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਮਜੀਠੀਆ ਦੀ ਵਿਦੇਸ਼ ਯਾਤਰਾ ਨੇ ਜਾਂਚ ਏਜੰਸੀਆਂ ਨੂੰ ਉਸਦੇ ਇਰਾਦਿਆਂ ‘ਤੇ ਸ਼ੱਕ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਸਿਰਫ਼ ਇੱਕ ਸੰਜੋਗ ਸੀ ਜਾਂ ਪਹਿਲਾਂ ਤੋਂ ਯੋਜਨਾਬੱਧ ਕਦਮ ਸੀ। ਪੁਲਿਸ ਰਿਕਾਰਡ ਅਨੁਸਾਰ ਜਸਮੀਤ ਪਹਿਲਾਂ ਖੰਨਾ ਬੱਸ ਸਟੈਂਡ ‘ਤੇ ਇੱਕ ਨਿੱਜੀ ਕੰਪਨੀ ਲਈ ਡਿਪੂ ਇੰਚਾਰਜ ਵਜੋਂ ਕੰਮ ਕਰਦਾ ਸੀ। ਕੋਰੋਨਾ ਕਾਲ ਦੌਰਾਨ ਉਹ ਦੂਜੇ ਰਾਜਾਂ ਲਈ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਪ੍ਰਬੰਧ ਕਰਦਾ ਸੀ। ਉਸ ਸਮੇਂ ਦੌਰਾਨ ਸਿਮ ਖ਼ਰੀਦਿਆ ਗਿਆ ਸੀ। ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਜਸਮੀਤ ਨੇ ਸੱਚਮੁੱਚ ਸਿਮ ਖੁਦ ਖ਼ਰੀਦਿਆ ਸੀ ਜਾਂ ਕਿਸੇ ਨੇ ਉਸਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਸੀ? ਇਨ੍ਹਾਂ ਸਾਰੇ ਪਹਿਲੂਆਂ ‘ਤੇ ਜਾਂਚ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਜਸਮੀਤ ਦਾ ਪਰਿਵਾਰ ਇਸ ਮਾਮਲੇ ‘ਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ। ਉਸਦੇ ਪਿਤਾ ਨੇ ਸਿਰਫ ਇਹ ਕਿਹਾ ਕਿ ਉਹ ਆਪਣੇ ਪੁੱਤਰ ਦੀਆਂ ਗਤੀਵਿਧੀਆਂ ਤੋਂ ਜਾਣੂ ਨਹੀਂ ਹਨ ਅਤੇ ਨਾ ਹੀ ਉਹ ਵਿਦੇਸ਼ ’ਚ ਉਸ ਨਾਲ ਗੱਲ ਕਰ ਸਕੇ ਹਨ। ਉਹ ਖੁਦ ਪਹਿਲਾਂ ਆਪਣੇ ਪੁੱਤਰ ਨਾਲ ਗੱਲ ਕਰਕੇ ਸਥਿਤੀ ਸਪੱਸ਼ਟ ਕਰਨਾ ਚਾਹੁੰਦੇ ਹਨ।



