ਬਾਬਾ ਦੀਪ ਸਿੰਘ ਦੇ ਬੁੱਤ ਦੀ ਬੇਅਦਬੀ ਦੇ ਰੋਸ ’ਚ ਦਿੱਤਾ ਧਰਨਾ, ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਰੋਕ ਕੇ ਥਾਣੇ ਬਾਹਰ ਕੀਤੀ ਨਾਅਰੇਬਾਜ਼ੀ

ਕਪੂਰਥਲਾ, 14 ਜੂਨ : 6 ਦਿਨ ਪਹਿਲਾਂ ਇਕ ਦਰਖ਼ਾਸਤ ਪਿੰਡ ਬਿਹਾਰੀਪੁਰ ਵਿਖੇ ਅੱਡੇ ’ਚ ਬਣੀ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਦੇ ਬੁੱਤ ਦੀ ਬੇਅਦਬੀ ਸਬੰਧੀ ਰੋਸ ਵਜੋਂ ਤਰਨਾ ਦਲ ਦੇ ਮੁਖੀ ਵੱਲੋਂ ਦਿੱਤੀ ਗਈ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋ ਸ਼ੁੱਕਰਵਾਰ ਨੂੰ ਥਾਣਾ ਸਦਰ ਦੇ ਬਾਹਰ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਵਿਖੇ 40 ਮਿੰਟ ਦੇ ਕਰੀਬ ਸੜਕ ਰੋਕ ਕੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਾਬਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਦੀ ਪ੍ਰਤਿਮਾ ਪਿੰਡ ਬਿਹਾਰੀਪੁਰ ਵਿਖੇ ਅੱਡੇ ’ਤੇ ਬਣਾਈ ਹੋਈ ਸੀ, ਨੂੰ ਮਿਟਾ ਕੇ ਬੇਅਦਬੀ ਕੀਤੀ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਬਾਰੇ ਪਿੰਡ ਦੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਲੈ ਕੇ ਧਰਨਾ ਦਿੱਤਾ ਗਿਆ। ਜਿਸ ’ਤੇ ਥਾਣਾ ਸਦਰ ਦੇ ਐੱਸਐੱਚਓ ਨੇ ਆ ਕੇ ਭਰੋਸਾ ਦਿਵਾਇਆ ਕਿ ਕੱਲ੍ਹ ਸਵੇਰੇ 12 ਵਜੇ ਤੱਕ ਦਾ ਸਮਾਂ ਦਿੱਤਾ ਜਾਵੇ। ਜੇਕਰ ਉਹ ਨਾ ਆਏ ਤਾਂ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਇਹ ਭਰੋਸਾ ਮਿਲਣ ਤੋਂ ਬਾਅਦ ਧਰਨਾ ਸਮਾਪਤ ਕੀਤਾ।



