Punjab

ਬਸਪਾ ਦੀ ਸਰਕਾਰ ਆਈ ਤਾਂ ਭਿਖਾਰੀ ਨਹੀਂ ਅਧਿਕਾਰੀ ਪੈਦਾ ਕਰਾਂਗੇ : ਕਰੀਮਪੁਰੀ

ਜਲੰਧਰ, 25 ਮਾਰਚ-ਪੰਜਾਬ ’ਚ ਹੁਣ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੱਤਾ ’ਤੇ ਕਾਬਜ਼ ਹੋਈਆਂ ਹਨ, ਉਨ੍ਹਾਂ ਨੇ ਸਿਵਾਏ ਸੂਬੇ ਨੂੰ ਲੁੱਟਣ ਦੇ ਕੋਈ ਨਵਾਂ ਕੰਮ ਨਹੀਂ ਕੀਤਾ ਹੈ। ਲੋਕਾਂ ਨੇ ਬਦਲ ਦੇ ਰੂਪ ’ਚ ਆਈ ਸਰਕਾਰ ਦਾ ਹਾਲ ਦੇਖ ਲਿਆ ਹੈ। ਇਸੇ ਲਈ ਬਹੁਜਨ ਸਮਾਜ ਪਾਰਟੀ ਨੇ ਫਗਵਾੜਾ ਤੋਂ ਪੰਜਾਬ ਸੰਭਾਲੋ ਮੁਹਿੰਮ ਰਾਹੀਂ ਲੋਕਾਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਸਾਂਭਣ ਦਾ ਸੱਦਾ ਹੈ। ਇਹ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬੀ ਜਾਗਰਣ ਦੇ ਦਫ਼ਤਰ ’ਚ ਪਹੁੰਚ ਕੇ ਵਿਸ਼ੇਸ਼ ਰੂਪ ’ਚ ਗੱਲਬਾਤ ਕਰਦਿਆਂ ਕੀਤਾ। ਕਰੀਮਪੁਰੀ ਨੇ ਕਿਹਾ ਕਿ ਬਸਪਾ ਇਸ ਵੇਲੇ ਬੁਰੀ ਤਰ੍ਹਾਂ ਬਰਬਾਦ ਹੋ ਰਹੇ ਪੰਜਾਬ ਨੂੰ ਸਾਂਭਣ ਲਈ ਮੁਹਿੰਮ ਦੇ ਰੂਪ ਵਿਚ ਅੱਗੇ ਆ ਰਹੀ ਹੈ। ਇਸ ਦੀ ਸ਼ੁਰੂਆਤ ਫਗਵਾੜਾ ਤੋਂ ਇਸ ਮੁਹਿੰਮ ਦੀ ਸੂਬਾ ਪੱਧਰੀ ਸ਼ੁਰੂਆਤ ਨਾਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਸਪਾ ਸੂਬੇ ਦੇ ਲੋਕਾਂ ਨੂੰ ਸਰਕਾਰ ਦੇ ਰੂਪ ’ਚ ਅਜਿਹਾ ਬਦਲ ਦੇਵੇਗੀ, ਜਿਸ ਨਾਲ ਸਾਰੇ ਵਰਗਾਂ ਦੀ ਸਿਹਤ, ਸਿੱਖਿਆ, ਰੁਜ਼ਗਾਰ ਤੇ ਉਦਯੋਗਾਂ ’ਚ ਇਕ ਕ੍ਰਾਂਤੀ ਦਾ ਸੰਚਾਰ ਹੋਵੇਗਾ। ਪ੍ਰਧਾਨ ਕਰੀਮਪੁਰੀ ਨੇ ਕਿਹਾ ਕਿ ਇਸ ਵੇਲੇ ਸੂਬੇ ਦਾ ‘ਲਾਅ ਐਂਡ ਆਰਡਰ’ ਪੂਰੀ ਤਰ੍ਹਾਂ ਨਾਲ ਵਿਗੜ ਚੁੱਕਾ ਹੈ। ਨਸ਼ਿਆਂ ਕਾਰਨ ਨਿੱਤ ਮਾਵਾਂ ਦੇ ਪੁੱਤ ਮਰ ਰਹੇ ਹਨ ਤੇ ਸੂਬੇ ਦੀ ਸੱਤਾ ਧਿਰ ਸਿਵਾਏ ਸਿਆਸਤ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬਸਪਾ ਪਾਰਟੀ ਦੀ ਮਜ਼ਬੂਤੀ ਇਸੇ ਲਈ ਕਰ ਰਹੀ ਹੈ ਤਾਂ ਜੋ ਸੂਬੇ ਦੇ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਨਵਾਂ ਬਦਲ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘ਜਨ ਅਭਿਆਨ ਨਹੀਂ, ਜਨ ਕਲਿਆਣ’ ਦੀ ਸਰਕਾਰ ਦੇਣਾ ਬਸਪਾ ਦਾ ਮੁੱਖ ਉਦੇਸ਼ ਹੈ। ਕਰੀਮਪੁਰੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਹੁਕਮਰਾਨਾਂ ਦੀ ਬਦਨੀਅਤੀ ਕਾਰਨ ਹੀ ਇਸ ਵੇਲੇ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਇਹੀ ਕਾਰਨ ਹੈ ਨਸ਼ਿਆਂ ਕਾਰਨ ਸੂਬੇ ਦੀਆਂ ਮਾਵਾਂ-ਭੈਣਾਂ ਨੂੰ ਵੀ ਘਰੇਲੂ ਤੇ ਬਾਹਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਕਾਰ ਨਸ਼ੇ ਖ਼ਿਲਾਫ਼ ਮੁਹਿੰਮ ਛੇੜ ਕੇ ਸਿਰਫ਼ ਛੋਟੇ ਨਸ਼ੇੜੀਆਂ ਜਾਂ ਤਸਕਰਾਂ ’ਤੇ ਕਾਰਵਾਈ ਕਰ ਕੇ ਲੋਕਾਂ ’ਤੇ ਪ੍ਰਭਾਵ ਪਾ ਰਹੀ ਹੈ, ਜਦਕਿ ਹਕੀਕਤ ਕੁਝ ਹੋਰ ਹੈ। ਬਸਪਾ ਲੋਕਾਂ ਦੇ ਵਿਸ਼ਵਾਸ਼ ਨੂੰ ਹਾਸਲ ਕਰੇਗੀ ਤੇ 2027 ਦੀਆਂ ਚੋਣਾਂ ’ਚ ਇਸ ਤਸ਼ੱਦਦ ਤੋਂ ਨਿਜਾਤ ਦਿਵਾਏਗੀ।

ਭਿਖਾਰੀ ਨਹੀਂ, ਅਧਿਕਾਰੀ ਪੈਦਾ ਕਰਾਂਗੇ

ਬਸਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਆਪਣੀਆਂ ਲੋਕ ਮਾਰੂ ਨੀਤੀਆਂ ਨਾਲ ਜਨਤਾ ਤੇ ਖ਼ਜ਼ਾਨੇ ਦਾ ਬੁਰਾ ਹਾਲ ਕੀਤਾ ਹੈ।• ਲੋਕਾਂ ਨੂੰ ਰਾਸ਼ਨ ਲੈਣ ਦੀਆਂ ਕਤਾਰਾਂ ’ਚ ਖੜ੍ਹਾ ਕਰ ਦਿੱਤਾ ਗਿਆ ਹੈ। ਮੁਫ਼ਤ ਦੀਆਂ ਸਕੀਮਾਂ ਨਾਲ ਖ਼ਜ਼ਾਨੇ ਦੀ ਹਾਲਤ ਪਤਲੀ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਸੂਬੇ ’ਚ ਮਜ਼ਬੂਤ ਪਾਰਟੀ ਵਜੋਂ ਉੱਭਰੇਗੀ ਤੇ ਸੱਤਾ ’ਤੇ ਕਾਬਜ਼ ਹੋ ਕੇ ਭਿਖਾਰੀਆਂ ਦੀ ਨਹੀਂ, ਸਗੋਂ ਅਧਿਕਾਰੀਆਂ ਦੀ ਜਮਾਤ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਦੀ ਕਿਸਾਨੀ, ਜਵਾਨੀ ਤੇ ਕਿਰਤੀ ਵਰਗ ਨਾਲ ਧੱਕਾ ਹੋ ਰਿਹਾ ਹੈ। ਸੂਬੇ ’ਚ ਅਪਰਾਧ ਕਾਰਨ ਉਦਯੋਗ ਬਾਹਰੀ ਨਿਵੇਸ਼ ਤੋਂ ਸੱਖਣੇ ਹੋ ਰਹੇ ਹਨ। ਇਸੇ ਕਾਰਨ ਨਵਾਂ ਰੁਜ਼ਗਾਰ ਨਹੀਂ ਪੈਦਾ ਹੋ ਰਿਹਾ। ਨਵੇਂ ਪੰਜਾਬ ਦੇ ਨਿਰਮਾਣ ਦੀ ਲੋੜ ਹੈ ਕਿਉਂ ਕਿ ਰੰਗਲੇ ਪੰਜਾਬ ਦਾ ਦਾਅਵਾ ਲੋਕਾਂ ਨੇ ਦੇਖ ਲਿਆ ਹੈ।

ਹਾਥੀ ਹੀ ਬਸਪਾ ਦਾ ਚਿਹਰਾ ਹੈ

ਪ੍ਰਧਾਨ ਕਰੀਮਪੁਰੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਬਸਪਾ ਕਿਸੇ ਵਿਅਕਤੀ ਵਿਸ਼ੇਸ਼• ਦੀ ਪਾਰਟੀ ਨਹੀਂ ਹੈ ਸਗੋਂ ਇਕ ਨਵੀਂ ਸੋਚ ਹੈ। ਵਿਅਕਤੀ ਵਿਸ਼ੇਸ਼ ਕਿਸੇ ਪਾਰਟੀ ਦਾ ਚਿਹਰਾ ਹੋ ਸਕਦਾ ਹੈ ਤੇ ਚਿਹਰੇ ਖਤਮ ਵੀ ਹੋ ਜਾਂਦੇ ਹਨ। ਇਸ ਲਈ ਬਸਪਾ ਦਾ ਪਾਰਟੀ ਚਿਨ੍ਹ ਹਾਥੀ ਹੀ ਇਸਦਾ ਅਸਲੀ ਨਾਇਕ ਚਿਹਰਾ ਹੈ। ਉਨ੍ਹਾਂ ਕਿਹਾ ਕਿ ਬਸਪਾ ਇਸ ਦੇ ਸੰਸਥਾਪਕ ਕਾਂਸ਼ੀ ਰਾਮ ਤੇ ਮਾਇਆ ਵਤੀ ਦੀ ਸਾਰੇ ਵਰਗਾਂ ਦੇ ਬਰਾਬਰ ਵਿਕਾਸ ਦੀ ਸੋਚ ਨਾਲ ਹੁਣ ਅੱਗੇ ਵਧ ਰਹੀ ਹੈ। ਫਗਵਾੜਾ ਵਿਖੇ ਪੰਜਾਬ ਸੰਭਾਲੋ ਮੁਹਿੰਮ ਦੀ ਸ਼ੁਰੂਆਤ ਮੌਕੇ ਪਾਰਟੀ ਸਮੱਰਥਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਸੰਗਤ ਪਾਰਟੀ ਵਿਚ ਪੂਰਾ ਭਰੋਸਾ ਕਰ ਰਹੀ ਹੈ। ਲੋਕ ਬਸਪਾ ਨੂੰ ਸੂਬੇ ਦੀ ਸਿਆਸਤ ਦੇ ਖੇਤਰੀ ਬਦਲ ਦੇ ਰੂਪ ’ਚ ਦੇਖ ਰਹੇ ਹਨ।

ਸਿਆਸਤ ਨਹੀਂ, ਸਟੇਟ ਹੈ ਸਾਡੀ ਦਿਲਚਸਪੀ

ਕਰੀਮਪੁਰੀ ਨੇ ਕਿਹਾ ਕਿ ਬਸਪਾ ਸਿਰਫ਼ ਚੋਣਾਂ ਲੜਨ ਤੱਕ ਸੀਮਤ ਨਹੀਂ ਹੈ।• ਬਸਪਾ ਕਿਸੇ ਇਕ ਖ਼ਾਸ ਵਰਗ ਦੀ ਪਾਰਟੀ ਨਹੀਂ ਸਗੋਂ ਦੇਸ਼ ਸਣੇ ਸੂਬੇ ਦੇ ਸਾਰੇ ਲੋਕਾਂ ਦੀ ਆਪਣੀ ਪਾਰਟੀ ਹੈ। ਸਾਡੀ ਦਿਲਚਸਪੀ ਸਟੇਟ ’ਚ ਹੈ ਨਾ ਕਿ ਸਿਰਫ ਸਿਆਸਤ ਕਰਨ ਜਾਂ ਚੋਣ ਲੜਨ ’ਚ। ਪੰਜਾਬ ਨੂੰ ਠੱਗ ਹੱਥਾਂ ਤੋਂ ਬਚਾ ਕੇ ਇਸ ਦੇ ਖ਼ਜ਼ਾਨੇ ਨੂੰ ਸੁਰੱਖਿਅਤ ਹੱਥਾਂ ’ਚ ਦੇਣਾ ਸਮੇਂ ਦੀ ਲੋੜ ਹੈ। ਸੂਬੇ ਦੇ ਹਿੱਤਾਂ ਦੀਆਂ ਨੀਤੀਆਂ ਬਣਾ ਕੇ ਪਾਰਟੀ ਮੈਦਾਨ ’ਚ ਉੱਤਰ ਆਈ ਹੈ ਕਿਉਂਕਿ ਕੁਝ ਪਾਰਟੀਆਂ ਦੇ ਸਿਆਸੀ ਤੇ ਪਰਿਵਾਰਕ ਹਿੱਤਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

ਹਿੰਦੂ ਸਿੱਖ ਭਾਈਚਾਰਾ ਜ਼ਰੂਰੀ

ਕਰੀਮਪੁਰੀ ਨੇ ਦਾਅਵਾ ਕੀਤਾ ਕਿ ਬਸਪਾ ਨੇ ਕਦੇ ਵੀ ਧਰਮ ਦੀ ਰਾਜਨੀਤੀ ਨਹੀਂ ਕੀਤੀ•। ਹੁਣ ਵੀ ਕੁਝ ਲੋਕ ਸੂਬੇ ਦੇ ਧਾਰਮਿਕ ਹਿੱਤਾਂ ਦੀ ਆੜ ’ਚ ਹਿੰਦੂ ਸਿੱਖ ਭਾਈਚਾਰੇ ’ਚ ਪਾੜਾ ਪਾ ਰਹੇ ਹਨ। ਪਾਰਟੀ ਅਜਿਹੇ ਲੋਕਾਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿਆਰ, ਮੁਹੱਬਤ ਤੇ ਨਫ਼ਰਤ ਰਹਿਤ ਸੂਬੇ ਦੇ ਨਿਰਮਾਣ ਲਈ ਲੋਕਾਂ ਨੂੰ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਉਨ੍ਹਾਂ ਲੋਕਾਂ ਦੇ ਹੱਥਾਂ ’ਚ ਆ ਸਕੇ, ਜੋ ਇਸ ਨੂੰ ਸੱਚੇ ਰੂਪ ’ਚ ਸਾਂਭਣ ਦਾ ਹੱਕ ਰੱਖਦੇ ਹਨ। ਨਫ਼ਰਤ ਪੈਦਾ ਕਰਨ ਵਾਲਿਆਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ।

Related Articles

Leave a Reply

Your email address will not be published. Required fields are marked *

Back to top button