ਬਰਸਾਤ ਹੋਣ ’ਤੇ ਪਿੰਡ ਗੋਇੰਦਵਾਲ ਦੇ ਪ੍ਰਾਇਮਰੀ ਸਕੂਲ ’ਚ ਭਰ ਜਾਂਦੈ ਪਾਣੀ
ਪਿੰਡ ਗੋਇੰਦਵਾਲ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਖਸਤਾ

ਲੁਧਿਆਣਾ, 6 ਅਗਸਤ : ਲੁਧਿਆਣਾ ਮਹਾਨਗਰ ਦੇ ਸਰਕਾਰੀ ਸਕੂਲਾਂ ਦਾ ਹਾਲ ਜਾਨਣ ਲਈ ਰੋਜ਼ਾਨਾ ‘ਪੰਜਾਬੀ ਜਾਗਰਣ’ ਦੀ ਟੀਮ ਵੱਖ-ਵੱਖ ਸਰਕਾਰੀ ਸਕੂਲਾਂ ਚ ਪਹੁੰਚ ਕਰ ਰਹੀ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦੀ ਸਥਿਤੀ ਸਾਹਮਣੇ ਨਿਕਲ ਕੇ ਆ ਰਹੀ ਹੈ ਅਤੇ ਇਸ ਕੋਸ਼ਿਸ਼ ਨਾਲ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਅਸਲ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਸਤਲੁਜ ਕੰਢੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਇੰਦਾਲ ਬਲਾਕ ਮਾਂਗਟ-1 ਲੁਧਿਆਣਾ ਵਿਖੇ ਪਹੁੰਚ ਕੀਤੀ ਗਈ। ਸਕੂਲ ਵਿੱਚ ਪਹੁੰਚ ਕੇ ਦੇਖਿਆ ਗਿਆ ਕਿ ਸਕੂਲ ਦੀ ਹਾਲਤ ਬਹੁਤ ਮਾੜੀ ਸੀ। ਇਸ ਸਕੂਲ ਵਿੱਚ 8 ਜਮਾਤਾਂ ਹਨ ਅਤੇ ਕੁੱਲ 110 ਵਿਦਿਆਰਥੀ ਪੜ੍ਹਦੇ ਹਨ। ਦੱਸਣ ਯੋਗ ਹੈ ਕਿ ਇਨ੍ਹਾਂ ਅੱਠ ਜਮਾਤਾਂ ਦੇ 110 ਵਿਦਿਆਰਥੀਆਂ ਨੂੰ ਤਿੰਨ ਕਮਰਿਆਂ ਵਿੱਚ ਹੀ ਬਿਠਾ ਕੇ ਪੜ੍ਹਾਇਆ ਜਾਂਦਾ ਹੈ। ਤਿੰਨ ਕਮਰਿਆਂ ਤੋਂ ਇਲਾਵਾ ਇਸ ਸਕੂਲ ਵਿੱਚ ਹੈੱਡ ਟੀਚਰ ਲਈ ਕੋਈ ਦਫਤਰ ਵੀ ਨਹੀਂ ਹੈ, ਜਿਸ ਕਰਕੇ ਹੈਡ ਟੀਚਰ ਨੂੰ ਵੀ ਕਲਾਸ ਰੂਮ ਦੇ ਵਿੱਚ ਹੀ ਬੈਠਣਾ ਪੈਂਦਾ ਹੈ। ਇਸ ਸਕੂਲ ਦੇ ਤਿੰਨੋਂ ਕਮਰਿਆਂ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਪਈਆਂ ਹੋਈਆਂ ਹਨ। ਇਸ ਤੋਂ ਇਲਾਵਾ ਬਰਾਂਡੇ ਦੇ ਪਿੱਲਰਾਂ ’ਚ ਵੀ ਤ੍ਰੇੜਾਂ ਸਾਫ ਸਾਫ ਦਿਖਾਈ ਦੇ ਰਹੀਆਂ ਹਨ ਤੇ ਕਮਰਿਆਂ ਵਿੱਚ ਤਰੇੜਾਂ ਪੈਣ ਕਾਰਣ ਬਰਸਾਤ ਦਾ ਪਾਣੀ ਕਮਰਿਆਂ ’ਚ ਆਉਣ ਕਾਰਨ ਕੰਧਾਂ ’ਚ ਸਲਾਬ ਵੀ ਆਈ ਹੋਈ ਹੈ।
ਸਕੂਲ ਦੇ ਦੋ ਕਮਰੇ ਹਨ ਨੀਵੇਂ
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਇੰਦਵਾਲ ਦੇ ਦੋ ਕਮਰੇ ਤਾਂ ਬਿਲਕੁਲ ਖਸਤਾ ਹਾਲਤ ਵਿੱਚ ਹਨ। ਇਸ ਦੇ ਨਾਲ ਹੀ ਸਕੂਲ ਦਾ ਗਰਾਊਂਡ ਵੀ ਨੀਵਾਂ ਹੈ, ਜਿਸ ਕਾਰਨ ਮੀਂਹ ਪੈਣ ਤੋਂ ਬਾਅਦ ਬਰਸਾਤੀ ਪਾਣੀ ਗਰਾਉੰਡ ਵਿੱਚ ਖੜਨ ਦੇ ਨਾਲ ਨਾਲ ਕਈ ਵਾਰ ਤਾਂ ਕਮਰਿਆਂ ਵਿੱਚ ਵੀ ਆ ਜਾਂਦਾ ਹੈ ਜਿਸ ਕਾਰਨ ਬੱਚਿਆਂ ਨੂੰ ਕਲਾਸ ਰੂਮ ਵਿੱਚ ਪੜਨ ਲਈ ਦਿੱਕਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਲਾਤਾਂ ਕਾਰਨ ਬਰਸਾਤ ਦੇ ਦਿਨਾਂ ’ਚ ਸਕੂਲ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿਉੰਕਿ ਸਕੂਲ ’ਚ ਕੁੱਲ 3 ਹੀ ਕਮਰੇ ਹਨ ਜਿਨ੍ਹਾਂ ਚੋਂ 2 ਕਮਰੇ ਨੀਵੇਂ ਹੋਣ ਕਾਰਨ ਉਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰ ਜਾਂਦਾ ਹੈ ਤੇ ਇੱਕ ਕਮਰੇ ਚ 110 ਦੇ ਕਰੀਬ ਬੱਚੇ ਬਿਠਾਉਣਾ ਮੁਸਕਿਲ ਹੋ ਜਾਂਦਾ ਹੈ। ਨੀਵੇਂ ਗਰਾਊਂਡ ਵਿੱਚ ਬਰਸਾਤੀ ਪਾਣੀ ਖੜਨ ਦੇ ਨਾਲ ਗਰਾਉੰਡ ਦੇ ਆਲੇ ਦੁਆਲੇ ਉੱਲੀ ਲੱਗੀ ਹੋਈ ਹੈ। ਇਸ ਸਕੂਲ ਦੀ ਰਸੋਈ ਦੀ ਹਾਲਤ ਵੀ ਕੁਝ ਠੀਕ ਨਹੀਂ ਹੈ। ਰਸੋਈ ਵਿੱਚ ਹਰ ਕੰਧਾਂ ਵਿੱਚ ਤਰੇੜਾਂ ਅਤੇ ਸਲਾਬ ਦਿਖਾਈ ਦੇ ਰਹੀ ਹੈ ਜਹਸ ਦਾ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਹੈ।



