
ਲੁਧਿਆਣਾ, 21 ਜੁਲਾਈ : ਲੁਧਿਆਣਾ ਮੌਨਸੂਨ ਦੌਰਾਨ ਅਕਸਰ ਹੀ ਨਵੀਆਂ ਸੜਕਾਂ ਦੇ ਨਿਰਮਾਣ ਦੇ ਨਾਲ-ਨਾਲ ਪੈਚ ਲਾਉਣ ਦਾ ਕੰਮ ਵੀ ਬੰਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਬਰਸਾਤ ਦੇ ਮੌਸਮ ’ਚ ਬਣਾਈਆਂ ਸੜਕਾਂ ਮੀਂਹ ਦੇ ਪਾਣੀ ਨਾਲ ਟੁੱਟਣੀਆਂ ਸ਼ੁਰੂ ਹੋ ਜਾਂਦੀਆ ਹਨ। ਮੀਂਹ ਦੇ ਮੌਸਮ ’ਚ ਸੜਕਾਂ ਦੇ ਨਿਰਮਾਣ ਦਾ ਕੰਮ ਬੰਦ ਕਰਵਾਉਣ ਵਾਲੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੈਲਾਸ਼ ਚੌਕ ਤੋਂ ਪੈਵੇਲੀਅਨ ਮਾਲ ਜਾਂਦੀ ਸੜਕ ਨੂੰ ਬਰਸਾਤਾਂ ਦੌਰਾਨ ਹੀ ਪੁੱਟ ਦਿੱਤਾ, ਜਦੋਂ ਇਹ ਸੜਕ ਪੱਟੀ ਗਈ ਤਾਂ ਉਸ ਵੇਲੇ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਸੀ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਪੁੱਟਣ ਦਾ ਕੰਮ ਲੱਗਭਗ 15-20 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਤੇ ਠੇਕੇਦਾਰ ਇਸ ਸੜਕ ਨੂੰ ਪੁੱਟ ਕੇ ਚਲਿਆ ਗਿਆ ਪਰ ਠੇਕੇਦਾਰ ਵੱਲੋਂ ਇਸ ਨੂੰ ਦਬਾਰਾ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਿਸ ਦੇ ਚੱਲਦੇ ਸਥਾਨਕ ਦੁਕਾਨਦਾਰ ਰੋਜ਼ਾਨਾ ਆਵਾਜਾਈ ਕਾਰਨ ਧੂੜ ਤੇ ਮਿੱਟੀ ਤੋਂ ਪ੍ਰੇਸ਼ਾਨ ਹਨ ਤੇ ਜੇਕਰ ਬਰਸਾਤ ਹੋ ਜਾਵੇ ਤਾਂ ਦੁਕਾਨਾਂ ਦੇ ਅੰਦਰ ਚਿੱਕੜ ਜਾਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਖਰਾਬ ਹੋ ਰਿਹਾ ਹੈ। ਮੀਂਹ ਤੋਂ ਬਾਅਦ ਇਸ ਸੜਕ ਤੋਂ ਪੈਦਲ ਤਾਂ ਕਿ ਸਗੋਂ ਵਾਹਨਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪੱਟੀ ਹੋਈ ਸੜਕ ਤੋਂ ਪ੍ਰੇਸ਼ਾਨ ਦੁਕਾਨਦਾਰ ਮੁਕੇਸ਼ ਤੇ ਹਰਸ਼ਲ ਨੇ ਦੱਸਿਆ ਕਿ ਸੜਕ ਪੁੱਟਣ ਦਾ ਕੰਮ ਲੱਗਭਗ 20 ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਸੜਕ ਪੱਟੀ ਹੋਣ ਕਾਰਨ ਮੀਂਹ ਦੇ ਪਾਣੀ ਨਾਲ ਕਈ ਥਾਵਾਂ ’ਤੇ ਟੋਏ ਵੀ ਪੈ ਗਏ ਹਨ, ਜਿਨ੍ਹਾਂ ਨੂੰ ਨਾ ਤਾਂ ਠੇਕੇਦਾਰ ਵੱਲੋਂ ਭਰਿਆ ਜਾ ਰਿਹਾ ਹੈ ਤੇ ਨਾ ਹੀ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਸਥਾਨਕ ਦੁਕਾਨਦਾਰਾਂ ਨੂੰ ਕੰਮ ਨਾ ਚੱਲਦਾ ਹੋਣ ਕਾਰਨ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਵਾਹਨਾਂ ਦੀ ਆਵਾਜਾਈ ਕਾਰਨ ਚਿੱਕੜ ਵਾਲਾ ਪਾਣੀ ਦੁਕਾਨਾਂ ਦੇ ਅੰਦਰ ਜਾ ਰਿਹਾ ਹੈ, ਜਿਸ ਨਾਲ ਦੁਕਾਨਾਂ ’ਚ ਅੱਗੇ ਪਿਆ ਸਾਮਾਨ ਵੀ ਖਰਾਬ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਸੜਕ ਤੋਂ ਪੈਦਲ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ’ਚ ਕਿਸੇ ਵੀ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦਿਨਾਂ ’ਚ ਕੋਈ ਸੜਕ ਪੁੱਟੀ ਜਾਂਦੀ ਹੈ ਤਾਂ ਉਸ ਨੂੰ ਬਣਾਉਣ ਦਾ ਕੰਮ ਵੀ ਨਾਲ ਹੀ ਸ਼ੁਰੂ ਕੀਤਾ ਜਾਣਾ ਚਾਹੀਦੀ ਹੈ। ਵਾਰਡ ਦੇ ਕੌਂਸਲਰ ਸੁਮਨ ਵਰਮਾ ਦਾ ਕਹਿਣਾ ਹੈ ਕਿ ਵਾਰਡ ’ਚ ਲਗਭਗ 26.50 ਲੱਖ ਦੀ ਲਾਗਤ ਨਾਲ ਸੜਕ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਬਰਸਾਤ ਦੇ ਮੌਸਮ ’ਚ ਕੀਤਾ ਜਾਣਾ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਨਿਰਮਾਣ ਦਾ ਪ੍ਰੋਜੈਕਟ ਚੋਣਾਂ ਤੋਂ ਪਹਿਲਾਂ ਪਾਸ ਹੋ ਗਿਆ ਸੀ ਪਰ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਦਾ ਇਹ ਕੰਮ ਬਰਸਾਤਾਂ ਖਤਮ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾ ਸਕਦਾ ਸੀ ਤਾਂ ਜੋ ਸਮੇਂ ਸਿਰ ਸਹੀ ਕਵਾਲਟੀ ਦਾ ਹੁੰਦਾ। ਹੁਣ ਬਰਸਾਤਾਂ ਦੇ ਚੱਲਦੇ ਸੜਕ ਨਿਰਮਾਣ ਦਾ ਕੰਮ ਨਿਰੰਤਰ ਨਾ ਚੱਲਣ ਕਾਰਨ ਸਥਾਨਕ ਦੁਕਾਨਦਾਰ ਵੀ ਉਨ੍ਹਾਂ ਕੋਲ ਸੜਕ ਪੱਟੀ ਹੋਣ ਕਾਰਨ ਉਨ੍ਹਾਂ ਨੂੰ ਕਾਰੋਬਾਰ ਕਰਨ ’ਚ ਆ ਰਹੀਆਂ ਸਮੱਸਿਆਵਾਂ ਲੈ ਕੇ ਪਹੁੰਚ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਨੂੰ ਵੀ ਦਿੱਤੀ ਜਾ ਚੁੱਕੀ ਹੈ। ਉਧਰ ਇਸ ਸਬੰਧੀ ਜ਼ੋਨ ਡੀ ਦਾ ਬੀਐਂਡਆਰ ਸ਼ਾਖਾ ਦੇ ਐਕਸੀਅਨ ਸੰਜੀਵ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਸਮ ਸਾਫ ਹੁੰਦੇ ਹੀ ਸੜਕ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਰੋਡ ਜਾਲੀਆਂ ਨਾ ਹੋਣ ਕਾਰਨ ਸੜਕ ਨੂੰ ਨੁਕਸਾਨ ਹੁੰਦਾ ਸੀ ਪਰ ਹੁਣ ਇਸ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਗਿਆ ਤੇ ਪਾਣੀ ਦਾ ਨਿਕਾਸੀ ਦਾ ਸਹੀ ਪ੍ਰਬੰਧ ਹੋਣ ਨਾਲ ਸੜਕ ਟੁੱਟਣ ਦਾ ਸਮੱਸਿਆ ਵੀ ਨਹੀਂ ਆਵੇਗੀ।



