
ਜ਼ੀਰਕਪੁਰ, 13 ਮਈ-ਮੌਨਸੂਨ ਆਉਣ ਵਾਲਾ ਹੈ ਅਤੇ ਸ਼ਹਿਰ ਦੇ ਬਰਸਾਤੀ ਨਾਲ਼ਿਆਂ ਦੀ ਸਫਾਈ ਸਬੰਧੀ ਵਿਭਾਗ ਵੱਲੋਂ ਕੋਈ ਤਿਆਰੀ ਦਿਖਾਈ ਨਹੀਂ ਦੇ ਰਹੀ। ਜਿੱਥੇ ਜ਼ੀਰਕਪੁਰ ਸ਼ਹਿਰ ਹਰ ਵਾਰ ਬਰਸਾਤ ਦੇ ਮੌਸਮ ਵਿੱਚ ਪਾਣੀ ਵਿੱਚ ਡੁੱਬ ਜਾਂਦਾ ਹੈ, ਉੱਥੇ ਹੀ ਪਾਣੀ ਦੀ ਨਿਕਾਸੀ ਦੀ ਘਾਟ ਕਾਰਨ ਹਾਈਵੇ ਅਤੇ ਅੰਦਰੂਨੀ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਮੀਂਹ ਪੈਣ ਤੇ ਇਹੀ ਸਥਿਤੀ ਹੁੰਦੀ ਹੈ ਪਰ ਅਧਿਕਾਰੀ ਇਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਹਾਲਾਤ ਇਹ ਹਨ ਕਿ ਸ਼ਹਿਰ ਦੇ ਜ਼ਿਆਦਾਤਰ ਨਾਲ਼ੇ ਗਾਰੇ ਨਾਲ ਭਰੇ ਹੋਏ ਹਨ ਅਤੇ ਸੀਵਰੇਜ ਗੰਦਗੀ ਨਾਲ ਭਰੇ ਹੋਏ ਹਨ। ਅਜਿਹੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੂੰ ਦੁਬਾਰਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2023 ਵਿੱਚ, ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ, ਹੜ੍ਹ ਵਰਗੇ ਹਾਲਾਤ ਪੈਦਾ ਹੋਏ ਸਨ ਅਤੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਪਿਛਲੇ ਕਈ ਸਾਲਾ ਤੋਂ ਸ਼ਹਿਰ ਦੇ ਕਈ ਹਿੱਸਿਆਂ ਨੂੰ ਪਾਣੀ ਦੀ ਮਾਰ ਝੱਲਣ ਦੇ ਬਾਵਜੂਦ, ਅਧਿਕਾਰੀਆਂ ਨੇ ਕੋਈ ਸਬਕ ਨਹੀਂ ਸਿੱਖਿਆ। ਜੇਕਰ ਇਸ ਦਿਸ਼ਾ ਵਿੱਚ ਕੰਮ ਨਾ ਕੀਤਾ ਗਿਆ ਤਾਂ ਬਰਸਾਤਾਂ ਦੌਰਾਨ ਹੜ੍ਹ ਵਰਗੇ ਹਾਲਾਤ ਦੁਬਾਰਾ ਪੈਦਾ ਹੋ ਜਾਣਗੇ। ਹਾਲ ਹੀ ਵਿੱਚ, ਦੋ ਦਿਨਾਂ ਦੀ ਹਲਕੀ ਬਾਰਿਸ਼ ਤੋਂ ਬਾਅਦ, ਜ਼ੀਰਕਪੁਰ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਪਰ ਜੇਕਰ 4-5 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਸਮੱਸਿਆ ਹੋਰ ਵਧ ਜਾਵੇਗੀ। ਅਜਿਹੀ ਸਥਿਤੀ ਵਿੱਚ, ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਵਿੱਚ ਗੁੱਸਾ ਆਪਣੇ ਸਿਖਰ ਤੇ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਮੌਨਸੂਨ ਜੁਲਾਈ ਦੇ ਅੱਧ ਤਕ ਆ ਸਕਦਾ ਹੈ। ਸੁਖਨਾ ਚੋਅ ਅਤੇ ਬਰਸਾਤੀ ਨਾਲ਼ੇ ਵਿੱਚ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਨਾਲ਼ੇ ਦੇ ਵਿਚਕਾਰ ਘਾਹ ਅਤੇ ਝਾੜੀਆਂ ਉੱਗ ਆਈਆਂ ਹਨ ਜੋ ਇੱਕ ਰੁਕਾਵਟ ਵਜੋਂ ਕੰਮ ਕਰ ਰਹੀਆਂ ਹਨ। ਨਾਲ਼ੇ ਵਿੱਚ ਤੈਰ ਰਹੇ ਲਿਫ਼ਾਫ਼ੇ ਪਾਣੀ ਦੇ ਵਹਾਅ ਨੂੰ ਰੋਕ ਰਹੇ ਹਨ। ਸਫਾਈ ਦੀ ਘਾਟ ਕਾਰਨ ਹਜ਼ਾਰਾਂ ਟਨ ਪਲਾਸਟਿਕ ਕੂੜਾ ਨਾਲ਼ੇ ਵਿੱਚ ਪਿਆ ਹੈ। ਨਗਰ ਕੌਂਸਲ ਦੇ ਅਧਿਕਾਰੀ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਕੋਟਸ ਬਰਸਾਤੀ ਨਾਲ਼ੇ ਦੀ ਸਫਾਈ ਲਈ ਨਗਰ ਕੌਂਸਲ ਜ਼ੀਰਕਪੁਰ ਨੂੰ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਨੇ ਸਫਾਈ ਕਰਵਾਉਣੀ ਹੈ, ਜੇਕਰ ਸਫਾਈ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਕੱਲ੍ਹ ਨੂੰ ਦੁਬਾਰਾ ਨਗਰ ਕੌਂਸਲ ਨੂੰ ਪੱਤਰ ਭੇਜਿਆ ਜਾਵੇਗਾ। ਚੇਤਨ, ਜੇਈ, ਡਰੇਨੇਜ ਵਿਭਾਗ।



