Punjab

ਬਦਲੀਆਂ ’ਚ ਡੀਟੀਐੱਫ ਨੇ ਲਾਏ ਵੱਡੀਆਂ ਧਾਂਦਲੀਆਂ ਦੇ ਦੋਸ਼, ਵਿਭਾਗ ਦੀ ਨੀਤੀ ‘ਤੇ ਸਵਾਲ

ਐੱਸਏਐੱਸ ਨਗਰ, 24 ਅਗਸਤ : ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਬਦਲੀਆਂ ਵਿਚ ਵੱਡੀਆਂ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵਾਰ ਬਦਲੀ ਨੀਤੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ ਨੇ ਇਕ ਬਿਆਨ ਜਾਰੀ ਕਰਦਿਆਂ ਇਹ ਦੋਸ਼ ਲਗਾਏ ਹਨ। ਆਗੂਆਂ ਨੇ ਦੱਸਿਆ ਕਿ ਚਹੇਤੇ ਅਧਿਆਪਕਾਂ ਨੂੰ ਵਿਸ਼ੇਸ਼ ਸਟੇਸ਼ਨ ਦੇਣ ਲਈ ਬਦਲੀ ਪ੍ਰਕਿਰਿਆ ਦੌਰਾਨ ਉਨ੍ਹਾਂ ਅਸਾਮੀਆਂ ਨੂੰ ਖਾਲੀ ਹੀ ਨਹੀਂ ਦਿਖਾਇਆ ਗਿਆ ਪਰ ਹੁਣ ਜਦੋਂ ਬਦਲੀਆਂ ਦੇ ਹੁਕਮ ਜਾਰੀ ਹੋਏ ਹਨ ਤਾਂ ਉਨ੍ਹਾਂ ਲੁਕੀਆਂ ਹੋਈਆਂ ਅਸਾਮੀਆਂ ’ਤੇ ਕੁਝ ਅਧਿਆਪਕਾਂ ਦੀਆਂ ਬਦਲੀਆਂ ਹੋ ਕੇ ਆ ਗਈਆਂ ਹਨ, ਜਿਸ ਨਾਲ ਬਾਕੀ ਅਧਿਆਪਕ ਦੰਗ ਹਨ। ਇਸ ਸਬੰਧੀ ਉਨ੍ਹਾਂ ਨੇ ਸਪਸ਼ਟ ਉਦਾਹਰਣਾਂ ਦਿੰਦਿਆਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਗਰਲਜ਼, ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ, ਬਠਿੰਡਾ ਵਿਖੇ ਐੱਸਐੱਸ ਦੀ ਕੋਈ ਵੀ ਖਾਲੀ ਅਸਾਮੀ ਨਹੀਂ ਦਿਖਾਈ ਗਈ ਸੀ, ਫਿਰ ਵੀ ਇਨ੍ਹਾਂ ਲੁਪਤ ਅਸਾਮੀਆਂ ਤੇ ਬਦਲੀਆਂ ਹੋਈਆਂ ਹਨ। ਆਗੂਆਂ ਨੇ ਇਸ ਨੂੰ ਧਾਂਦਲੀਆਂ ਦਾ ਸਪਸ਼ਟ ਸਬੂਤ ਕਰਾਰ ਦਿੰਦਿਆਂ ਸਿੱਖਿਆ ਵਿਭਾਗ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ, ਅਨੇਕਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨਾਲ ਇਸ ਗੱਲ ਦਾ ਵੀ ਇਤਰਾਜ਼ ਹੈ ਕਿ ਜਿਨ੍ਹਾਂ ਸਟੇਸ਼ਨਾਂ ਨੂੰ ਖਾਲੀ ਵਿਖਾਇਆ ਗਿਆ ਸੀ, ਉਨ੍ਹਾਂ ਤੇ ਕਿਸੇ ਦੀ ਬਦਲੀ ਨਹੀਂ ਕੀਤੀ ਗਈ। ਕੁਝ ਅਧਿਆਪਕਾਂ ਦੀ ਬਦਲੀ ਉਨ੍ਹਾਂ ਦੀ ਸੱਤਵੀਂ/ਅੱਠਵੀਂ ਪਹਿਲ (ਪ੍ਰੈਫਰੈਂਸ) ਵਾਲੇ ਸਟੇਸ਼ਨ ਤੇ ਕਰ ਦਿੱਤੀ ਗਈ ਹੈ, ਜਦਕਿ ਪਹਿਲੀਆਂ ਛੇ ਪ੍ਰੈਫਰੈਂਸ ਵਾਲੇ ਸਟੇਸ਼ਨ ਖਾਲੀ ਰਹਿ ਗਏ ਹਨ। ਆਗੂਆਂ ਨੇ ਵਿਭਾਗ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਦੋ ਮਹੀਨਿਆਂ ਤੋਂ ਵੱਧ ਦੇ ਇੰਤਜ਼ਾਰ ਤੋਂ ਬਾਅਦ ਵੀ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ਤੇ ਅਧਿਆਪਕਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਕਿਉਂਕਿ ਅਸਾਮੀ ਖਾਲੀ ਨਹੀਂ ਜਾਂ ਸਰਪਲੱਸ ਹੈ। ਇਸੇ ਤਰ੍ਹਾਂ ਮਿਡਲ ਸਕੂਲਾਂ ਵਿਚ 50 ਫ਼ੀਸਦੀ ਸਟਾਫ਼ ਦੀ ਸ਼ਰਤ ਨਾ ਹੋਣ ਦੇ ਬਾਵਜੂਦ ਕੁਝ ਅਧਿਆਪਕਾਂ ਨੂੰ ਫਾਰਗ ਨਹੀਂ ਕੀਤਾ ਜਾ ਰਿਹਾ। ਦਿਵਿਆਂਗ ਅਧਿਆਪਕਾਂ ਨੂੰ ਵੀ ਬਦਲੀ ਵਿਚ ਕਿਸੇ ਕਿਸਮ ਦੀ ਪਹਿਲ ਨਹੀਂ ਦਿੱਤੀ ਗਈ। ਜਥੇਬੰਦੀ ਨੇ ਮੰਗ ਕੀਤੀ ਕਿ ਜਿਸ ਮੈਰਿਟ ਅਨੁਸਾਰ ਬਦਲੀਆਂ ਕੀਤੀਆਂ ਗਈਆਂ ਹਨ, ਉਸ ਨੂੰ ਜਨਤਕ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਬਦਲੀਆਂ ਲਈ ਤਿੰਨ ਰਾਊਂਡ ਚਲਾਏ ਜਾਣ।

Related Articles

Leave a Reply

Your email address will not be published. Required fields are marked *

Back to top button