Punjab

ਬਠਿੰਡਾ ਦੀ ਨੇਤਰਹੀਣ ਆਂਚਲ ਸੁਪਰੀਮ ਕੋਰਟ ’ਚ ਲੋਕਾਂ ਨੂੰ ਵਿਖਾਏਗੀ ਇਨਸਾਫ਼ ਦਾ ਸ਼ੀਸ਼ਾ

ਜ਼ਿੰਦਗੀ ’ਚ ਆਈਆਂ ਔਕੜਾਂ ਨੂੰ ਪੈਰਾਂ ਥੱਲੇ ਮਧੋਲ ਕੇ ਹਾਸਲ ਕੀਤਾ ਮੁਕਾਮ

ਬਠਿੰਡਾ, 3 ਅਗਸਤ : ਜੇ ਦਿਲ ’ਚ ਕੁਝ ਕਰਨ ਦੀ ਚਾਅ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਸਰ ਕੀਤਾ ਜਾ ਸਕਦਾ ਹੈ, ਅਜਿਹਾ ਹੀ ਕਰ ਵਿਖਾਇਆ ਬਠਿੰਡਾ ਦੀ ਨੇਤਰਹੀਣ ਧੀ ਆਂਚਲ ਭਟੇਜਾ ਨੇ। ਉਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਦੀ ਵਕੀਲ ਬਣਨ ’ਚ ਸਫਲਤਾ ਹਾਸਲ ਕੀਤੀ ਹੈ। ਉਸ ਨੇ ਸੁਪਰੀਮ ਕੋਰਟ ਦੀ ਵਕੀਲ ਬਣ ਕੇ ਨਾ ਸਿਰਫ਼ ਬਠਿੰਡਾ ਦਾ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਆਂਚਲ ਭਟੇਜਾ ਨੇ ਨੇਤਰਹੀਣ ਦੇ ਬਾਵਜੂਦ 6 ਜੂਨ ਨੂੰ ਸੁਪਰੀਮ ਕੋਰਟ ’ਚ ਵਕੀਲ ਦੇ ਰੂਪ ਵਿਚ ਪਹਿਲੇ ਮਾਮਲੇ ਦੀ ਪੈਰਵਾਈ ਕਰ ਕੇ ਰਿਕਾਰਡ ਕਾਇਮ ਕੀਤਾ ਹੈ। ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਆਂਚਲ ਨੇ ਉਹ ਕਰ ਦਿਖਾਇਆ ਹੈ ਜੋ ਕਲਪਨਾ ਤੋਂ ਪਰ੍ਹੇ ਹੈ। ਜਾਣਕਾਰੀ ਅਨੁਸਾਰ ਆਂਚਲ ਭਟੇਜਾ ਦੀ ਸ਼ੁਰੂ ਤੋਂ ਹੀ ਨਜ਼ਰ ਕਮਜ਼ੋਰ ਸੀ ਪਰ ਬਦਕਿਸਮਤੀ ਨਾਲ ਪ੍ਰੀਖਿਆ ਦੌਰਾਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਜ਼ਿੰਦਗੀ ਦੇ ਸੰਘਰਸ਼ ’ਚ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਉਸ ਨੇ ਇਨ੍ਹਾਂ ਮੁਸ਼ਕਲਾਂ ਦਾ ਹੱਸ ਕੇ ਸਾਹਮਣਾ ਕਰਦਿਆਂ ਹਰ ਪਾਸੇ ਪ੍ਰਸੰਸਾ ਖੱਟੀ। ਉਸ ਨੇ ਮਨ ’ਚ ਸੰਜੋਏ ਸੁਪਨੇ ਟੁੱਟਣ ਨਹੀਂ ਦਿੱਤੇ, ਸਗੋਂ ਮੁਸ਼ਕਲਾਂ ਅੱਗੇ ਹਾਰ ਮੰਨਣ ਦੀ ਬਜਾਏ ਦੇਸ਼ ਦੇ ਵੱਕਾਰੀ ਅਦਾਰੇ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਆਂਚਲ ਸ਼ਹਿਰ ਦੇ ਨਾਮਵਾਰ ਪਾਲ ਸੰਗੀਤ ਮਹਿਲ ਦੇ ਮਾਲਕ ਛਿੰਦਰਪਾਲ ਦੀ ਧੀ ਹੈ, ਜਿਸ ਦੇ ਜਨਮ ਮੌਕੇ ਕਾਫੀ ਪੇਚੀਦਗੀਆਂ ਸਾਹਮਣੇ ਆਈਆਂ ਸਨ। ਪਰਿਵਾਰ ਨੂੰ ਤਾਂ ਆਂਚਲ ਵੱਲੋਂ ਆਪਣੀ ਸਿੱਖਿਆ ਪੂਰੀ ਕਰਨ ਪ੍ਰਤੀ ਵੱਡਾ ਖਦਸ਼ਾ ਸੀ। ਨਜ਼ਰ ਗੁਆਉਣ ਦੇ ਬਾਵਜੂਦ ਉਸ ਨੇ ਦਸਵੀਂ ਦੀ ਪ੍ਰੀਖਿਆ ਦੌਰਾਨ ਆਪਣੇ ਸਾਥੀਆਂ ਨਾਲੋਂ ਹੱਦੋਂ ਵੱਧ ਮਿਹਨਤ ਕਰਦਿਆਂ ਇਕ ਸਹਾਇਕ ਦੀ ਮਦਦ ਨਾਲ ਪ੍ਰੀਖਿਆ ਦੇਣ ਤੱਕ ਆਪਣੇ ਮੁਕੱਦਰ ਅਤੇ ਪੜ੍ਹਾਈ ਨਾਲ ਸੰਘਰਸ਼ ਜਾਰੀ ਰੱਖਿਆ ਜਿਸ ਦਾ ਨਤੀਜਾ ਸਿੱਖਿਆ ਮੁਕੰਮਲ ਹੋਣ ਵਜੋਂ ਨਿਕਲਿਆ। ਪੜ੍ਹਾਈ ਦੌਰਾਨ ਉਹ ਬਠਿੰਡਾ ਦੇ ਨੇਤਰਹੀਣ ਵਿਅਕਤੀ ਨੂੰ ਮਿਲੀ ਜਿਸ ਤੋਂ ਉਸ ਨੇ ਤਕਨੀਕੀ ਅਤੇ ਵਿਹਾਰਕ ਗਿਆਨ ਹਾਸਲ ਕੀਤਾ। ਉਸ ਨੇ ਡਿਜੀਟਲ ਢੰਗ ਤਰੀਕਿਆਂ ਅਤੇ ਆਪਣੇ ਕੋਰਸ ਦੀਆਂ ਆਡੀਓਬੁੱਕਾਂ ਰਾਹੀਂ ਸਿੱਖਿਆ ਪੂਰੀ ਕੀਤੀ ਅਤੇ ਇਕ ਲਿਖਣ ਵਾਲੇ ਦੀ ਸਹਾਇਤਾ ਨਾਲ ਪ੍ਰੀਖਿਆ ਦਿੱਤੀ। ਆਪਣੇ ਬੁਲੰਦ ਹੌਸਲੇ ਅਤੇ ਦਿ੍ੜ੍ਹ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਆਂਚਲ ਨੇ ਕਾਮਨ ਲਾਅ ਐਡਮਿਸ਼ਨ ਟੈਸਟ (ਕੈਟ) ਦਿੱਤਾ ਜਿਸ ’ਚੋਂ ਸਫਲ ਹੋਣ ਤੋਂ ਬਾਅਦ ਉਹ ਬੈਂਗਲੁਰੂ ਦੇ ਨੈਸ਼ਨਲ ਲਾਅ ਸਕੂਲ ਆਫ ਇੰਡੀਆ ’ਚ ਦਾਖਲਾ ਲੈਣ ਵਾਲੀ ਪਹਿਲੀ ਨੇਤਰਹੀਣ ਵਿਦਿਆਰਥਣ ਬਣ ਗਈ। ਕਾਲਜ ਦੇ ਆਪਣੇ ਪਹਿਲੇ ਸਾਲ ਵਿਚ ਆਂਚਲ ਨੇ ਆਪਣੀਆਂ ਪ੍ਰੀਖਿਆਵਾਂ ਲਿਖਣ ਲਈ ਲੇਖਕ ਦੀ ਮਦਦ ਲਈ। ਇਸ ਮੌਕੇ ਉਸ ਦੇ ਪ੍ਰੋਫੈਸਰ ਨੇ ਉਸ ਨੂੰ ਆਪਣੇ ਜਵਾਬ ਟਾਈਪ ਕਰਨ ਦਾ ਸੁਝਾਅ ਦਿੱਤਾ। ਪਹਿਲਾਂ ਤਾਂ ਆਂਚਲ ਝਿਜਕੀ ਪਰ ਮਗਰੋਂ ਉਹ ਆਪਣਾ ਲੈਪਟਾਪ ਟੈਸਟ ਰੂਮ ਵਿਚ ਲੈ ਗਈ ਅਤੇ ਆਪਣੇ ਜਵਾਬ ਖੁਦ ਦਰਜ ਕਰਨ ਲੱਗੀ। ਰੁਕਾਵਟਾਂ ਦੇ ਬਾਵਜੂਦ ਆਂਚਲ ਨੇ 2023 ਵਿਚ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਅਤੇ ਹੁਣ ਉਹ ਪ੍ਰਮੁੱਖ ਲਾਅ ਫਰਮ ਵਿਚ ਵਕੀਲ ਵਜੋਂ ਕੰਮ ਕਰ ਰਹੀ ਹੈ। ਸੁਪਰੀਮ ਕੋਰਟ ਸਾਹਮਣੇ ਪਹਿਲੀ ਵਾਰ ਪੇਸ਼ ਵਕੀਲ ਆਂਚਲ ਭਟੇਜਾ ਨੇ ਉਤਰਾਖੰਡ ਨਿਆਂਇਕ ਸੇਵਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੇ ਪਟੀਸ਼ਨਰ ਦੀ ਨੁਮਾਇੰਦਗੀ ਕੀਤੀ, ਅੱਗੋ ਪਟੀਸ਼ਨਰ ਵੀ ਸੌ ਫੀਸਦੀ ਨੇਤਰਹੀਣ ਹੈ। ਉਸ ਦੀ ਜਿੰਦਗੀ ਹਮੇਸ਼ਾ ਚਣੌਤੀ ਭਰਪੂਰ ਰਹੀ ਹੈ। ਫਰਵਰੀ 2015 ਵਿਚ ਉਸ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਅਤੇ 23 ਦਿਨ ਵੈਂਟੀਲੇਟਰ ’ਤੇ ਰਹਿਣ ਉਪਰੰਤ ਜਦੋਂ ਮਾਂ ਨੇ ਸਾਥ ਛੱਡਿਆ ਤਾਂ ਇਹ ਉਸ ਲਈ ਇਹ ਪਹਿਲਾ ਵੱਡਾ ਸਦਮਾ ਸੀ। ਦੂਸਰੀ ਵਾਰ ਉਸ ਨੂੰ ਉਦੋਂ ਝਟਕਾ ਲੱਗਿਆ ਜਦੋਂ ਦਸਵੀਂ ਦੀ ਪ੍ਰੀਖਿਆ ਦੌਰਾਨ ਉਸ ਨੂੰ ਧੁੰਦਲਾ ਦਿਖਾਈ ਦੇਣ ਲੱਗ ਪਿਆ। ਆਂਚਲ ਨੂੰ ਦਿੱਲੀ ਅਤੇ ਚੇਨਈ ਦੇ ਵੱਡੇ ਹਸਪਤਾਲਾਂ ’ਚ ਲਿਜਾਇਆ ਗਿਆ ਜਿੱਥੇ ਸਫਲਤਾ ਨਾ ਮਿਲ ਸਕੀ। ਉਸ ਮਗਰੋਂ ਉਸ ਨੇ ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨਾਂ ’ਚ ਝੰਡੇ ਗੱਡੇ ਅਤੇ ਲਾਅ ਸਕੂਲ ’ਚ ਵੀ ਦਾਖਲਾ ਲਿਆ। ਤਤਕਾਲੀ ਡਿਪਟੀ ਕਮਿਸ਼ਨਰ ਦਿਪਾਰਵਾ ਲਾਕੜਾ ਵੱਲੋਂ ਪਿੱਠ ਥਾਪੜਣੀ ਆਂਚਲ ਦੀ ਅਹਿਮ ਪ੍ਰਾਪਤੀ ਵੀ ਰਹੀ ਹੈ।

Related Articles

Leave a Reply

Your email address will not be published. Required fields are marked *

Back to top button