Punjab

ਬਟਾਲਾ ‘ਚ ਨਹਿਰ ’ਚ ਰੁੜ੍ਹੇ ਦੋ ਨੌਜਵਾਨ, ਇਕ ਦੀ ਲਾਸ਼ ਬਰਾਮਦ

ਬਟਾਲਾ, 7 ਜੂਨ : ਕਸਬਾ ਊਧਨਵਾਲ ਦੇ ਨੇੜਲੇ ਪਿੰਡ ਮਨੇਸ਼ ਦੇ ਰਹਿਣ ਵਾਲੇ ਦੋ ਗੁੱਜਰ ਭਾਈਚਾਰੇ ਦੇ ਨੌਜਵਾਨ ਬੀਤੀ ਸ਼ਾਮ ਨੇੜਿਓਂ ਲੰਘਦੀ ਨਹਿਰ ਦੀ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ ਸਨ। ਸ਼ੁੱਕਰਵਾਰ ਦੀ ਸ਼ਾਮ ਨੂੰ ਰੁੜ੍ਹੇ ਨੌਜਵਾਨਾਂ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲ ਗਈ ਹੈ, ਜਦਕਿ ਦੂਜੇ ਨੌਜਵਾਨ ਦੀ ਲਾਸ਼ ਲਈ ਗੁੱਜਰ ਭਾਈਚਾਰੇ ਦੇ ਲੋਕ ਆਪਣੇ ਤੌਰ ’ਤੇ ਹੀ ਯਤਨ ਕਰ ਰਹੇ ਹਨ। ਸਿਵਲ ਪ੍ਰਸ਼ਾਸਨ ਵੱਲੋਂ ਨਹਿਰੀ ਵਿਭਾਗ ਨੂੰ ਦਿੱਤੀਆਂ ਹਦਾਇਤਾਂ ’ਤੇ ਨਹਿਰ ਦੇ ਪਾਣੀ ਦਾ ਪੱਧਰ ਘੱਟ ਕੀਤਾ ਗਿਆ ਹੈ, ਜਿਸ ਕਾਰਨ ਡੁੱਬੀ ਨੌਜਵਾਨਾਂ ਨੂੰ ਲੱਭਣ ’ਚ ਸਹਾਇਤਾ ਮਿਲੀ ਹੈ। ਮ੍ਰਿਤਕ ਦੀ ਪਛਾਣ ਕਾਕਾ (17) ਪੁੱਤਰ ਸ਼ਾਹਦੀਨ ਦੇ ਰੂਪ ’ਚ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਹਿਰ ’ਚ ਡੁੱਬੇ ਦੋਵੇਂ ਨੌਜਵਾਨਾਂ ਦੀ ਭਾਲ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ ਹੀ ਕੀਤੀ ਗਈ ਹੈ। ਸ਼ੁੱਕਰਵਾਰ ਸਾਰਾ ਦਿਨ ਗੁੱਜਰ ਭਾਈਚਾਰੇ ਦੇ ਗੋਤਾਖੋਰ ਚਾਰ ਟੋਲੀਆਂ ਬਣਾ ਕੇ ਡੁੱਬੇ ਨੌਜਵਾਨਾਂ ਨੂੰ ਲੱਭਣ ਲਈ ਯਤਨਸ਼ੀਲ ਰਹੇ ਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਜਾ ਕੇ ਕਾਕਾ ਦੀ ਲਾਸ਼ ਮਿਲੀ ਹੈ। ਉੱਧਰ ਸਥਾਨਕ ਲੋਕਾਂ ਵੱਲੋਂ ਵੀ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਗੁੱਜਰ ਭਾਈਚਾਰੇ ਦਾ ਸਹਿਯੋਗ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਕਾਕਾ ਆਪਣੇ ਪਸ਼ੂਆਂ ਨੂੰ ਨਹਿਰ ’ਚੋਂ ਆਪਣੇ ਡੇਰੇ ’ਤੇ ਲੈ ਕੇ ਜਾ ਰਹੇ ਸਨ ਕਿ ਨਹਿਰ ਦੇ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਕਾਕਾ ਪਾਣੀ ’ਚ ਰੁੜ੍ਹਣ ਲੱਗਾ ਤਾਂ ਉਸ ਨੂੰ ਬਚਾਉਣ ਲਈ ਸ਼ੇਰ ਅਲੀ ਦੇ ਪੁੱਤਰ ਸ਼ਾਮੂ ਨੇ ਵੀ ਨਹਿਰ ’ਚ ਛਾਲ ਲਗਾ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਨੌਜਵਾਨ ਨਹਿਰ ’ਚ ਰੁੜ੍ਹ ਗਏ ਸਨ ਅਤੇ ਰਾਤ ਪੈ ਜਾਣ ਕਾਰਨ ਦੋਵਾਂ ਨੌਜਵਾਨਾਂ ਦੀ ਭਾਲ ਰੁਕ ਗਈ ਸੀ।ਪੁਲਿਸ ਚੌਕੀ ਊਧਨਵਾਨ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਕਾਕਾ ਨਾਂ ਦੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲ ਗਈ ਹੈ ਜਦਕਿ ਸ਼ਾਮੂ ਦੀ ਭਾਲ ਲਈ ਯਤਨ ਜਾਰੀ ਹਨ।

Related Articles

Leave a Reply

Your email address will not be published. Required fields are marked *

Back to top button