
ਫਾਜ਼ਿਲਕਾ, 24 ਦਸੰਬਰ : ਫਾਜ਼ਿਲਕਾ ਦੇ ਜੋਰਾ ਸਿੰਘ ਮਾਨ ਨਗਰ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਲੁਟੇਰਿਆਂ ਨੇ ਦਹਿਸ਼ਤ ਫੈਲਾਉਂਦੇ ਹੋਏ ਇੱਕ ਬਜ਼ੁਰਗ ਜੋੜੇ ਦੇ ਘਰ ਧਾਵਾ ਬੋਲ ਦਿੱਤਾ। ਪੀੜਤ ਖਜ਼ਾਨ ਸਿੰਘ, ਨਿਵਾਸੀ ਜੋਰਾ ਸਿੰਘ ਮਾਨ ਨਗਰ ਨੇ ਦੱਸਿਆ ਕਿ ਇਹ ਵਾਰਦਾਤ ਰਾਤ ਕਰੀਬ ਸਾਢੇ 12 ਵਜੇ ਵਾਪਰੀ, ਜਦੋਂ ਚਿਹਰਿਆਂ ‘ਤੇ ਕੱਪੜਾ ਬੰਨ੍ਹੇ ਤਿੰਨ ਨੌਜਵਾਨ ਅਚਾਨਕ ਘਰ ਵਿੱਚ ਦਾਖਲ ਹੋਏ। ਘਰ ਅੰਦਰ ਵੜਦਿਆਂ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਮੌਜੂਦ ਬਜ਼ੁਰਗ ਮਹਿਲਾ ਨੂੰ ਪਿਸਤੌਲ ਦੀ ਨੋਕ ‘ਤੇ ਧਮਕਾਇਆ ਅਤੇ ਬਾਅਦ ਵਿੱਚ ਕੱਪੜੇ ਨਾਲ ਦੋਵਾਂ ਦੇ ਹੱਥ-ਪੈਰ ਬੰਨ੍ਹ ਦਿੱਤੇ। ਇਸ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੇ ਘਰ ਦੇ ਹਰ ਕਮਰੇ, ਅਲਮਾਰੀਆਂ ਅਤੇ ਸੰਦੂਕਾਂ ਦੀ ਬੜੀ ਬਾਰੀਕੀ ਨਾਲ ਤਲਾਸ਼ੀ ਲਈ। ਕਰੀਬ ਦੋ ਘੰਟੇ ਘਰ ਵਿੱਚ ਹੰਗਾਮਾ ਮਚਾਉਣ ਤੋਂ ਬਾਅਦ ਤਿੰਨੋਂ ਮੁਲਜ਼ਮ ਉਸੇ ਰਸਤੇ ਫਰਾਰ ਹੋ ਗਏ, ਜਿਸ ਪਾਸਿਓਂ ਉਹ ਆਏ ਸਨ। ਲੁਟੇਰੇ ਘਰੋਂ ਨਕਦੀ, ਸੋਨਾ-ਚਾਂਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਸ਼ਹਿਰ ਥਾਣਾ ਪੁਲਿਸ ਅਧਿਕਾਰੀ ਓਮ ਪ੍ਰਕਾਸ਼ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਪੀੜਤ ਪਰਿਵਾਰ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ ਘਰ ਦਾ ਮੁਆਇਨਾ ਕੀਤਾ ਅਤੇ ਹੋਰ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।



