
ਲੁਧਿਆਣਾ, 22 ਫਰਵਰੀ- ਹਵਸ ਵਿੱਚ ਅੰਨ੍ਹੇ ਹੋਏ ਇੱਕ ਬਜ਼ੁਰਗ ਵਿਅਕਤੀ ਨੇ 10 ਸਾਲ ਦੀ ਬਾਲੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਲੜਕੀ ਦੇ ਮਾਮੇ ਦੀ ਸ਼ਿਕਾਇਤ ‘ਤੇ ਵਿਸ਼ਵਕਰਮਾ ਕਾਲੋਨੀ ਦੇ ਰਹਿਣ ਵਾਲੇ ਹਰਪਾਲ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਮਾਮੇ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਸ ਦੀ ਭਾਣਜੀ ਸਹਿਮੀ ਹੋਈ ਰਹਿ ਰਹੀ ਸੀ । ਸ਼ਿਕਾਇਤਕਰਤਾ ਆਪਣੀ ਭਾਣਜੀ ਨੂੰ ਲੈ ਕੇ ਬਾਜ਼ਾਰ ਜਾਣ ਲੱਗਾ। ਜਿਵੇਂ ਹੀ ਉਹ ਗਲੀ ਨੰਬਰ ਤਿੰਨ ਵੱਲ ਮੁੜੇ ਤਾਂ ਲੜਕੀ ਨੇ ਆਖਿਆ ਕਿ ਉਹ ਇਸ ਗਲੀ ਵਿੱਚ ਨਹੀਂ ਜਾਵੇਗੀ। ਮਾਮੇ ਨੇ ਜਦ ਇਸ ਦਾ ਕਾਰਨ ਪੁੱਛਿਆ ਤਾਂ ਭਾਣਜੀ ਰੋਣ ਲੱਗ ਪਈ । ਲੜਕੀ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਸ਼ਿਕਾਇਤਕਰਤਾ ਦੇ ਹੋਸ਼ ਉੱਡ ਗਏ । ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਗਲੀ ਵਿੱਚ ਰਹਿਣ ਵਾਲੇ ਹਰਪਾਲ ਸਿੰਘ ਨਾਮ ਦੇ ਵਿਅਕਤੀ ਨੇ ਕੁਝ ਦਿਨ ਪਹਿਲੋਂ ਉਸਦੀ ਮਾਸੂਮ ਭਾਣਜੀ ਨੂੰ ਗਲੀ ਵਿੱਚ ਰੋਕ ਕੇ ਸ਼ਰਮਨਾਕ ਹਰਕਤਾਂ ਕੀਤੀਆਂ ਸਨ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਮਾਮੇ ਦੀ ਸ਼ਿਕਾਇਤ ‘ਤੇ ਵਿਸ਼ਵਕਰਮਾ ਕਾਲੋਨੀ ਦੇ ਰਹਿਣ ਵਾਲੇ ਹਰਪਾਲ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਰਪਾਲ ਸਿੰਘ ਦੀ ਉਮਰ 70 ਸਾਲ ਦੀ ਹੈ । ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਤੇ ਛਾਪਾਮਾਰੀ ਕੀਤੀ ਗਈ ਸੀ , ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ।



