
ਅੰਮ੍ਰਿਤਸਰ, 27 ਮਾਰਚ-ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਦੁਪਹਿਰ 12 ਵਜੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਜਟ ਇਜਲਾਸ ’ਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨਾਲ ਸਬੰਧਤ ਵਿਸ਼ੇਸ਼ ਮਤਾ ਲਿਆਂਦਾ ਜਾਵੇਗਾ, ਜੋ ਵਿਰੋਧੀਆਂ ਨੂੰ ਸੰਤੁਸ਼ਟ ਕਰਵਾਏਗਾ। ਇਸ ਵਾਰ ਬਜਟ ਇਜਲਾਸ ’ਚ ਬਜਟ ਨਾਲੋਂ ਜਥੇਦਾਰਾਂ ਸਬੰਧੀ ਪਾਸ ਹੋਣ ਵਾਲਾ ਮਤਾ ਅਹਿਮ ਰਹੇਗਾ, ਕਿਉਂਕਿ ਮਤੇ ਅਨੁਸਾਰ ਤਿੰਨਾਂ ਤਖ਼ਤਾਂ ਨੂੰ ਹੀ ਪੰਥ ਪ੍ਰਵਾਨਿਤ ਨਵੇਂ ਜਥੇਦਾਰ ਮਿਲ ਸਕਣਗੇ। ਮੌਜੂਦਾਂ ਹਾਲਾਤ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਥੇ ਪੰਥਕ ਏਕਤਾ ਕਰਵਾਉਣ ਲਈ ਚਾਰੋਜੋਈ ਕਰ ਰਹੇ ਹਨ। ਉਥੇ ਹੀ ਸ਼੍ਰੋਮਣੀ ਕਮੇਟੀ ਲਈ ਜਥੇਦਾਰ ਦੀ ਨਿਯੁਕਤੀ ਤੇ ਸੇਵਾਮੁਕਤੀ ਅਹਿਮ ਮੁੱਦੇ ਨੂੰ ਇਕ ਰਾਏ ਅਨੁਸਾਰ ਪੰਥ ਪ੍ਰਵਾਨਿਤ ਕਰਨ ਲਈ ਬਜਟ ਇਜਲਾਸ ’ਚ ਅਹਿਮ ਮਤਾ ਲਿਆਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਮਤਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਸਬੰਧਤ ਤਿੰਨ ਤਖ਼ਤਾਂ ਦੇ ਜਥੇਦਾਰ ਨਾਲ ਸਬੰਧਤ ਹਨ, ਕਿਉਂਕਿ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰ ਕੇ ਨਵੇਂ ਜਥੇਦਾਰ ਨੂੰ ਨਿਯੁਕਤ ਕੀਤਾ ਜਾਂਦਾ ਹੈ, ਉਦੋਂ ਹੀ ਵਿਰੋਧੀਆਂ ਵੱਲੋਂ ਧਾਰਮਿਕ ਖੇਤਰ ’ਚ ਸਿਆਸੀ ਦਖ਼ਲ ਕਹਿ ਕੇ ਵਿਰੋਧ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾਮੁਕਤੀ ਸਬੰਧੀ ਨਿਯਮ ਤਹਿ ਕਰਨ ਦੀ ਮੰਗ ਉੱਠਣ ਲੱਗ ਪੈਂਦੀ ਹੈ। ਮੌਜੂਦਾ ਹਲਾਤਾਂ ’ਚ ਵੀ ਪਹਿਲਾਂ 10 ਫਰਵਰੀ ਨੂੰ ਅੰਤ੍ਰਿੰਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਵਾਦ ਕਾਰਨ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਸੀ। ਜਿਸ ਮਗਰੋਂ ਪੈਦਾ ਹੋਏ ਹਲਾਤਾਂ ਕਾਰਨ 7 ਮਾਰਚ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਗਿਆਨੀ ਰਘਬੀਰ ਸਿੰਘ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਤਿੰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਨੂੰ ਹਟਾ ਕੇ ਨਵੇਂ ਜਥੇਦਾਰ ਲਗਾਉਣ ਲਈ 7 ਮਾਰਚ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਅਹਿਮ ਫ਼ੈਸਲੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾ ਕੇ ਕਾਰਜਕਾਰੀ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਚਾਰਜ ਵੀ ਦਿੱਤਾ ਸੀ। ਇਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਸੰਪਰਦਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕਰਨ ਦਾ ਫ਼ੈਸਲਾ ਕੀਤਾ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਬਾਬਾ ਟੇਕ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਸੀ ਪਰ ਬਾਬਾ ਟੇਕ ਸਿੰਘ ਦੀ ਦਸਤਾਰਬੰਦੀ ਹੁਣ ਤੱਕ ਨਹੀਂ ਹੋ ਸਕੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਦਸਤਾਰਬੰਦੀ ‘ਤੇ ਵੀ ਵਿਰੋਧੀਆਂ ਵੱਲੋਂ ਇਤਰਾਜ ਤੇ ਵਿਵਾਦ ਹੀ ਕੀਤਾ ਗਿਆ। ਬਣੇ ਹਲਾਤਾਂ ’ਚ ਸ਼੍ਰੋਮਣੀ ਕਮੇਟੀ ਦੇ 40 ਦੇ ਕਰੀਬ ਮੈਂਬਰ, ਕੁਝ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਮਹਿਤਾ, ਦਿੱਲੀ ਕਮੇਟੀ, ਪਾਕਿਸਤਾਨ ਕਮੇਟੀ ਤੇ ਵੱਖ-ਵੱਖ ਸੂਬਿਆਂ ਦੀਆਂ ਸਿੰਘ ਜਥੇਬੰਦੀਆਂ ਤੇ ਸੰਸਥਾਵਾਂ ਜਥੇਦਾਰਾਂ ਨੂੰ ਹਟਾਉਣ ਤੇ ਨਿਯੁਕਤ ਕਰਨ ਦੇ 10 ਫਰਵਰੀ ਤੇ 7 ਮਾਰਚ ਦੇ ਫ਼ੈਸਲਿਆਂ ’ਤੇ ਇਤਰਾਜ ਕਰ ਰਹੀਆਂ ਹਨ। ਹੁਣ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਅਹਿਮ ਐਲਾਨ ਕੀਤਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੇ ਅਹੁਦਿਆਂ ਸਬੰਧੀ ਭਵਿੱਖ ’ਚ ਸਿੱਖ ਸੰਪਰਦਾਵਾਂ ਦੇ ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ। ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ, ਜਿਸ ਸਬੰਧੀ ਬਜਟ ਇਜਲਾਸ ’ਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦੀ ਨਿਯੁਕਤੀ ਕਰ ਦਿੱਤੀ ਜਾਵੇਗੀ।



