ਫਿਲੌਰ ਵਿਖੇ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ‘ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ, ਅੱਤਵਾਦੀ ਗੁਰਪਤਵੰਤ ਪੰਨੂ ਨੇ ਵੀਡੀਓ ਰਾਹੀਂ ਲਈ ਜ਼ਿੰਮੇਵਾਰੀ

ਫ਼ਿਲੌਰ, 31 ਮਾਰਚ–ਫਿਲੌਰ ਵਿਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ’ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖਣ ਦੀ ਘਟਨਾ ਸਾਹਮਣੇ ਆਉਣ ’ਤੇ ਦਲਿਤ ਭਾਈਚਾਰੇ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਕ ਵੀਡੀਓ ਵਾਇਰਲ ਕਰਕੇ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਨੇ ਵੀਡੀਓ ਜਾਰੀ ਕਰਦੇ ਹੋਏ ਬਾਬਾ ਸਾਹਿਬ ਪ੍ਰਤੀ ਗਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਦਲਿਤ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਐੱਸ.ਸੀ. ਭਾਈਚਾਰੇ ਨਾਲ ਸਬੰਧਿਤ ਸੰਗਠਨਾਂ ਦੇ ਆਗੂੁਆਂ ਨੇ ਕਿਹਾ ਕਿ ਉਹ ਬਾਬਾ ਸਾਹਿਬ ਦੇ ਬੁੱਤ ’ਤੇ ਖਾਲਿਸਤਾਨੀ ਨਾਅਰੇ ਲਗਾਉਣ ਦੀ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਇਸ ਮਾਮਲੇ ਵਿਚ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਭਵਿੱਖ ਵਿਚ ਬਾਬਾ ਸਾਹਿਬ ਦੇ ਬੁੱਤ ਦਾ ਇਸ ਤਰ੍ਹਾਂ ਅਪਮਾਨ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਹੋਣਗੇ। ਉਨ੍ਹਾਂ ਪੁਲਿਸ ਨੂੰ ਇਸ ਮਾਮਲੇ ਵਿਚ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।



