Punjab

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਕਿਲੋ ਤੋਂ ਵੱਧ ਹੈਰੋਇਨ ਸਮੇਤ ਇੱਕ ਤਸਕਰ ਕਾਬੂ

ਬਾਲ ਕਿਸ਼ਨ

ਫ਼ਿਰੋਜ਼ਪੁਰ, 25 ਜੁਲਾਈ; ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀਆਂ ਸਖ਼ਤ ਹਦਾਇਤਾਂ ਅਤੇ ਅਗਵਾਈ ਹੇਠ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਨੂੰ 15 ਕਿਲੋ 7 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਕਾਰ (ਨੰਬਰ ਐੱਚਆਰ 26 ਬੀਪੀ 8555) ਸਮੇਤ ਕਾਬੂ ਕੀਤਾ ਹੈ। ਇਸ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਥਾਣਾ ਘੱਲਖੁਰਦ ਵਿਖੇ ਦੋਸ਼ੀ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਘੱਲਖੁਰਦ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਆਪਣੀ ਪੁਲਿਸ ਟੀਮ ਨਾਲ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਇਲਾਕੇ ਵਿੱਚ ਮੌਜ਼ੂਦ ਸੀ। ਜਦੋਂ ਪੁਲਿਸ ਪਾਰਟੀ ਬੱਸ ਅੱਡਾ ਪਿੰਡ ਫਿਰੋਜ਼ਸ਼ਾਹ ਤੋਂ ਥੋੜ੍ਹਾ ਪਿੱਛੇ ਸੀ, ਤਾਂ ਇੱਕ ਖਾਸ ਮੁਖਬਰ ਨੇ ਗੁਪਤ ਸੂਚਨਾ ਦਿੱਤੀ। ਮੁਖਬਰ ਨੇ ਦੱਸਿਆ ਕਿ ਰਮੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੋਹਕਮ ਖਾਂ ਵਾਲਾ, ਜੋ ਕਿ ਹਾਲ ਹੀ ਵਿਚ ਗੋਲਡਨ ਇਨਕਲੇਵ, ਫਿਰੋਜ਼ਪੁਰ ਸ਼ਹਿਰ ਵਿਚ ਰਹਿ ਰਿਹਾ ਹੈ, ਬਾਹਰਲੇ ਜ਼ਿਲ੍ਹਿਆਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਲਿਆ ਕੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਨਸ਼ਾ ਸਪਲਾਈ ਦਾ ਕੰਮ ਕਰਦਾ ਹੈ। ਸੂਚਨਾ ਵਿਚ ਇਹ ਵੀ ਦੱਸਿਆ ਗਿਆ ਕਿ ਅੱਜ ਵੀ ਉਹ ਆਪਣੀ ਸਵਿਫਟ ਕਾਰ ਨੰਬਰ ਐਚ.ਆਰ.-26 ਬੀ.ਪੀ. 8555 ਵਿਚ ਭਾਰੀ ਮਾਤਰਾ ਵਿਚ ਹੈਰੋਇਨ ਦੀ ਸਪਲਾਈ ਕਰਨ ਲਈ ਪਿੰਡ ਭੰਬਾ ਲੰਡਾ ਦੀ ਦਾਣਾ ਮੰਡੀ ਵਿਚ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਮੁਖਬਰ ਨੇ ਕਿਹਾ ਕਿ ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਉਸਨੂੰ ਭਾਰੀ ਮਾਤਰਾ ਵਿਚ ਹੈਰੋੋਇਨ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਸ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ, ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੱਸੀ ਗਈ ਜਗ੍ਹਾ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਦੋਸ਼ੀ ਰਮੇਸ਼ ਕੁਮਾਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 15 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਸਵਿਫਟ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਮੇਸ਼ ਕੁਮਾਰ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵੱਡੀ ਖੇਪ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਇਸਨੂੰ ਕਿਹੜੇ ਨਸ਼ਾ ਤਸਕਰਾਂ ਜਾਂ ਗਾਹਕਾਂ ਨੂੰ ਸਪਲਾਈ ਕਰਨਾ ਸੀ। ਇਸ ਕੇਸ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਨੈੱਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button