Punjab

ਫ਼ੌਜ ਦਾ ਭਗੌੜਾ ਜਵਾਨ ਨਿਕਲਿਆ ਨਾਰਕੋ-ਅੱਤਵਾਦੀ ਮਾਡਿਊਲ ਦਾ ਅਹਿਮ ਮੋਹਰਾ, ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 21 ਦਸੰਬਰ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਨੇ ਇੱਕ ਖ਼ਤਰਨਾਕ ਨਾਰਕੋ-ਅੱਤਵਾਦ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਫੌਜ ਤੋਂ ਭਗੌੜਾ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਇਕ ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ 907 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਿੱਧੇ ਤੌਰ ’ਤੇ ਪਾਕਿਸਤਾਨ ਵਿੱਚ ਅੱਤਵਾਦੀ-ਤਸਕਰੀ ਨੈੱਟਵਰਕ ਨਾਲ ਜੁੜੇ ਹੋਏ ਸਨ। ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਐੱਸਐੱਸਓਸੀ ਮੋਹਾਲੀ ਦੀ ਟੀਮ ਨੇ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਕਸੌਲ ਕਸਬੇ ਤੋਂ ਭਗੌੜਾ ਫੌਜੀ ਰਾਜਬੀਰ ਸਿੰਘ ਉਰਫ ਫੌਜੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੇਪਾਲ ਰਾਹੀਂ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਲਾਸ਼ੀ ਦੌਰਾਨ 500 ਗ੍ਰਾਮ ਹੈਰੋਇਨ ਅਤੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਫਾਜ਼ਿਲਕਾ ਦੀ ਕਾਸ਼ੀ ਰਾਮ ਕਾਲੋਨੀ ਦੇ ਰਹਿਣ ਵਾਲੇ ਉਸ ਦੇ ਸਾਥੀ ਚਿਰਾਗ ਨੂੰ ਗ੍ਰਿਫ਼ਤਾਰ ਕੀਤਾ ਸੀ। ਚਿਰਾਗ ਤੋਂ 407 ਗ੍ਰਾਮ ਹੈਰੋਇਨ ਅਤੇ ਇੱਕ 9 ਐੱਮਐੱਮ ਪਿਸਤੌਲ ਬਰਾਮਦ ਕੀਤਾ ਗਿਆ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਚਿਰਾਗ ਰਾਜਬੀਰ ਲਈ ਕੋਰੀਅਰ ਵਜੋਂ ਕੰਮ ਕਰਦਾ ਸੀ। ਡੀਜੀਪੀ ਅਨੁਸਾਰ, ਰਾਜਬੀਰ ਸਿੰਘ 2011 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ ਫਰਵਰੀ 2025 ਵਿੱਚ ਅੰਮ੍ਰਿਤਸਰ ਦਿਹਾਤੀ ਦੇ ਘਰਿੰਡਾ ਪੁਲਿਸ ਸਟੇਸ਼ਨ ਵਿੱਚ ਸਰਕਾਰੀ ਗੁਪਤ ਐਕਟ ਤਹਿਤ ਦਰਜ ਇੱਕ ਜਾਸੂਸੀ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਹਰਿਆਣਾ ਦੇ ਸਿਰਸਾ ਵਿੱਚ ਮਹਿਲਾ ਪੁਲਿਸ ਸਟੇਸ਼ਨ ’ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਡੀਜੀਪੀ ਨੇ ਦੱਸਿਆ ਕਿ ਰਾਜਬੀਰ ਅਤੇ ਚਿਰਾਗ ਨੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੂੰ ਹੈਂਡ ਗ੍ਰਨੇਡ ਸਪਲਾਈ ਕੀਤੇ ਸਨ। ਗੁਰਜੰਟ ਨੂੰ ਹਰਿਆਣਾ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਹਮਲੇ ਲਈ ਵਿੱਤੀ ਸਹਾਇਤਾ ਵੀ ਚਿਰਾਗ ਰਾਹੀਂ ਦਿੱਤੀ ਗਈ ਸੀ, ਜਿਸ ਨੇ ਫਿਰ ਇਸ ਨੂੰ ਹਮਲਾਵਰਾਂ ਤੱਕ ਪਹੁੰਚਾਇਆ। ਐੱਸਐੱਸਓਸੀ ਏਆਈਜੀ ਡੀ. ਸੁਦਰਵਿਜ਼ੀ ਨੇ ਦੱਸਿਆ ਕਿ 2022 ਵਿੱਚ ਰਾਜਬੀਰ ਇੰਟਰਨੈੱਟ ਮੀਡੀਆ ਰਾਹੀਂ ਪਾਕਿਸਤਾਨ ਵਿੱਚ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਆਇਆ। ਉਹ ਹੈਰੋਇਨ ਦੀ ਖੇਪ ਤੱਕ ਪਹੁੰਚ ਦੇ ਬਦਲੇ ਸੰਵੇਦਨਸ਼ੀਲ ਅਤੇ ਗੁਪਤ ਫੌਜੀ ਜਾਣਕਾਰੀ ਸਾਂਝੀ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸ ਨੇ ਹੋਰ ਫੌਜੀ ਕਰਮਚਾਰੀਆਂ ਨੂੰ ਵੀ ਇਨ੍ਹਾਂ ਹੈਂਡਲਰਾਂ ਨਾਲ ਮਿਲਾਇਆ। ਕੇਸ ਦਰਜ ਹੋਣ ਤੋਂ ਬਾਅਦ ਰਾਜਬੀਰ ਨੇਪਾਲ ਵਿੱਚ ਲੁਕ ਗਿਆ ਅਤੇ ਪੰਜਾਬ ਅਤੇ ਨੇਪਾਲ ਵਿਚਕਾਰ ਯਾਤਰਾ ਕਰ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਰੀ ਰੱਖੀ। ਪਾਕਿਸਤਾਨ ਵਿੱਚ ਉਸ ਦੇ ਹੈਂਡਲਰ ਉਸ ਨੂੰ ਨੇਪਾਲ ਰਾਹੀਂ ਯੂਰਪ ਭੇਜਣ ਦੀ ਯੋਜਨਾ ਬਣਾ ਰਹੇ ਸਨ। ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button