ਫ਼ੌਜ ਚੁੱਕੇਗੀ ਆਪ੍ਰੇਸ਼ਨ ਸਿੰਦੂਰ ਦੇ ਛੋਟੀ ਉਮਰ ਦੇ ਯੋਧੇ ਸ਼ਵਨ ਸਿੰਘ ਦੀ ਪੜ੍ਹਾਈ ਦਾ ਜ਼ਿੰਮਾ
ਭਾਰਤੀ ਫ਼ੌਜ ਦੀ ਗੋਲਡਨ ਐਰੋ ਡਵੀਜ਼ਨ ਨੇ ਚੁੱਕਿਆ ਅਹਿਮ ਕਦਮ

ਬਾਲ ਕਿਸ਼ਨ
ਫਿਰੋਜ਼ਪੁਰ, 21 ਜੁਲਾਈ : ਆਪ੍ਰੇਸ਼ਨ ਸਿੰਦੂਰ ਦੌਰਾਨ ਫ਼ੌਜ ਦੇ ਜਵਾਨਾਂ ਤੱਕ ਚਾਹ, ਦੁੱਧ ਤੇ ਲੱਸੀ ਪਹੁੰਚਾਉਣ ਵਾਲੇ ਛੋਟੀ ਉਮਰ ਦੇ ਯੋਧਾ ਸ਼ਵਨ ਸਿੰਘ ਦੇ ਭਵਿੱਖ ਨੂੰ ਸੰਵਾਰਣ ਲਈ ਭਾਰਤੀ ਫ਼ੌਜ ਦੀ ਗੋਲਡਨ ਐਰੋ ਡਵੀਜ਼ਨ ਨੇ ਅਹਿਮ ਕਦਮ ਚੁੱਕਿਆ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਸ਼ਵਨ ਦੀ ਗ਼ੈਰ-ਸਧਾਰਨ ਹਿੰਮਤ ਤੇ ਦ੍ਰਿੜ੍ਹਤਾ ਨੂੰ ਦੇਖਦੇ ਹੋਏ ਫ਼ੌਜ ਨੇ ਉਸ ਦੀ ਪੜ੍ਹਾਈ ਨੂੰ ਪੂਰੀ ਤਰ੍ਹਾਂ ਸਪਾਂਸਰ ਕਰਨ ਦਾ ਇਰਾਦਾ ਕੀਤਾ ਹੈ। ਫਿਰੋਜ਼ਪੁਰ ਛਾਉਣੀ ਵਿਚ ਕਰਵਾਏ ਖ਼ਾਸ ਸਮਾਗਮ ਵਿਚ ਪੱਛਮੀ ਕਮਾਨ ਦੇ ਜੀਓਸੀ-ਇਨ-ਸੀ, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਸ਼ਵਨ ਦਾ ਸਨਮਾਨ ਕੀਤਾ ਤੇ ਪੰਜਾਬ ਦੇ ਲੋਕਾਂ ਨਾਲ ਫ਼ੌਜ ਦੇ ਅਤੁੱਟ ਸਬੰਧਾਂ ਦਾ ਜ਼ਿਕਰ ਕੀਤਾ। ਇਹ ਪਹਿਲ ਨਾ-ਸਿਰਫ਼ ਮੁਲਕ ਦੀਆਂ ਹੱਦਾਂ ਦੀ ਰਾਖੀ ਕਰਨ ਲਈ ਫ਼ੌਜ ਦੇ ਅਹਿਦ ਨੂੰ ਦਰਸਾਉਂਦੀ ਹੈ ਸਗੋਂ ਭਵਿੱਖ ਬਣਾਉਣ ਵਿਚ ਯੋਗਦਾਨ ਦਿੰਦੀ ਹੈ। ਸ਼ਵਨ ਸਿੰਘ ਦੀ ਕਹਾਣੀ ਉਨ੍ਹਾਂ ਬਹਾਦਰਾਂ ਦੀ ਯਾਦ ਦਿਵਾਉਂਦੀ ਹੈ, ਜੋ ਕਿ ਸਨਮਾਨ ਤੇ ਸਮਰਥਨ ਦੇ ਹੱਕਦਾਰ ਹਨ। ਇਸ ਪਹਿਲ ਤਹਿਤ ਸ਼ਵਨ ਨੂੰ ਵਿਆਪਕ ਵਿੱਦਿਅਕ ਮਦਦ ਮੁੱਹਈਆ ਕਰਵਾਈ ਜਾਵੇਗੀ, ਜਿਸ ਵਿਚ ਉਸ ਦੀ ਸਕੂਲੀ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਜਾਵੇਗਾ। ਲੈਫਟੀਨੈਂਟ ਜਨਰਲ ਕਟਿਆਰ ਨੇ ਕਿਹਾ ਕਿ ਸਾਡੀ ਫ਼ੌਜ ਸ਼ਵਨ ਦੇ ਭਵਿੱਖ ਵਿਚ ਹਰ ਕਦਮ ’ਤੇ ਉਸ ਦੇ ਨਾਲ ਖੜ੍ਹੀ ਹੈ। ਇਹ ਪਹਿਲ ਭਾਰਤੀ ਫ਼ੌਜ ਦੀ ਨਾਗਰਿਕਾਂ ਦੇ ਕਲਿਆਣ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ।



