
ਅੰਮ੍ਰਿਤਸਰ, 10 ਜਨਵਰੀ: ਜੰਡਿਆਲਾ ਗੁਰੂ ਇਲਾਕੇ ਵਿੱਚ ਫ਼ਿਰੌਤੀ ਨਾ ਮਿਲਣ ‘ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਸ਼ੁੱਕਰਵਾਰ ਦੀ ਰਾਤ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਦੇ ਸੈਲੂਨ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇੱਕ ਗੋਲੀ ਕਸ਼ਿਸ਼ ਦੇ ਪੈਰ ਵਿੱਚ ਲੱਗੀ ਹੈ ਅਤੇ ਉਹ ਜ਼ਖ਼ਮੀ ਹੈ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਲੈ ਕੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ। ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੇ ਨਕਾਬ ਪਹਿਨੇ ਹੋਏ ਸਨ। ਵਾਰਦਾਤ ਤੋਂ ਬਾਅਦ ਉਹ ਪਿਸਤੌਲ ਹਵਾ ਵਿੱਚ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ, ਸੈਲੂਨ ਅਤੇ ਬਿਊਟੀ ਪਾਰਲਰ ਕੁਲਦੀਪ ਅਤੇ ਉਸ ਦੀ ਪਤਨੀ ਕਸ਼ਿਸ਼ ਚਲਾਉਂਦੇ ਹਨ। 3 ਜਨਵਰੀ ਨੂੰ ਅਣਪਛਾਤੇ ਅਤੇ ਵਿਦੇਸ਼ੀ ਵ੍ਹਟਸਐਪ ਨੰਬਰ ਤੋਂ ਕਾਲ ਕਰਕੇ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਕਾਰੋਬਾਰੀ ਨੇ ਇਸ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਬਾਰੇ ਪੁਲਿਸ ਨੂੰ ਵੀ ਸ਼ਿਕਾਇਤ ਨਹੀਂ ਦਿੱਤੀ। ਦੋਵੇਂ ਸ਼ੁੱਕਰਵਾਰ ਦੀ ਰਾਤ ਨੂੰ ਦੁਕਾਨ ਬੰਦ ਕਰਨ ਹੀ ਵਾਲੇ ਸਨ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਉੱਥੇ ਪਹੁੰਚ ਗਏ। ਬਾਹਰ ਆਉਂਦੇ ਹੀ ਮੁਲਜ਼ਮਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਅਤੇ ਫ਼ਰਾਰ ਹੋ ਗਏ। ਗੋਲੀਆਂ ਦੁਕਾਨ ਦੇ ਸ਼ਟਰ ਅਤੇ ਸ਼ੀਸ਼ੇ ਵਿੱਚ ਲੱਗੀਆਂ। ਇੱਕ ਗੋਲੀ ਦੁਕਾਨ ਦੇ ਅੰਦਰ ਕੰਮ ਕਰ ਰਹੀ ਕਸ਼ਿਸ਼ ਦੇ ਪੈਰ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ।



