
ਬਾਲ ਕਿਸ਼ਨ
ਫਿਰੋਜ਼ਪੁਰ, 27 ਅਗਸਤ : ਇਕ ਮਾਮੂਲੀ ਬਹਿਸ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਮਦਵਾਲਾ ਵਿਚ ਗੋਲੀਬਾਰੀ ਦੀ ਘਟਨਾ ਰੂਪ ਧਾਰ ਲਿਆ। ਵਾਪਰੀ ਘਟਨਾ ‘ਚ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਵਿਵਾਦ ਇਕ ਘਾਹ ਦੇ ਢੇਰ ਨੂੰ ਲੈ ਕੇ ਸ਼ੁਰੂ ਹੋਇਆ ਜੋ ਪਿੰਡ ਦੀ ਇਕ ਸਿਵੇ ’ਚੋਂ ਕੱਢਿਆ ਗਿਆ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ ਤੋਂ ਲੰਘਦੀ ਸਿਵੇ ਵਿਚ ਕੁਝ ਘਾਹ ਉੱਗ ਆਇਆ ਸੀ। ਦੂਜੇ ਪੱਖ ਦੇ ਲੋਕਾਂ ਨੇ ਇਹ ਘਾਹ ਪੁੱਟ ਕੇ ਨੇੜੇ ਹੀ ਰੱਖੀ ਪਸ਼ੂਆਂ ਦੀ ਤੂੜੀ ਉੱਤੇ ਸੁੱਟ ਦਿੱਤਾ। ਇਸ ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਹ ਛੋਟਾ ਜਿਹਾ ਵਿਵਾਦ 24 ਤਾਰੀਖ਼ ਦੀ ਸ਼ਾਮ ਕਰੀਬ 6.30 ਵਜੇ ਸ਼ੁਰੂ ਹੋਇਆ, ਪਰ ਅਗਲੇ ਹੀ ਦਿਨ 25 ਤਾਰੀਖ਼ ਦੀ ਰਾਤ ਕਰੀਬ 11.30 ਵਜੇ ਇਸ ਨੇ ਖ਼ਤਰਨਾਕ ਰੂਪ ਲੈ ਲਿਆ। ਇਕ ਮੁਲਜ਼ਮ ਨੇ ਇਸ ਦੌਰਾਨ ਪੰਜ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ ਕੁਲਵਿੰਦਰ ਕੌਰ (46) ਜ਼ਖ਼ਮੀ ਹੋ ਗਈ, ਜਿਸ ਦੀ ਲੱਤ ਵਿਚ ਗੋਲੀ ਲੱਗ ਕੇ ਬਾਹਰ ਨਿਕਲ ਗਈ। ਇਸੇ ਤਰ੍ਹਾਂ ਗੁਰਲਾਲ ਸਿੰਘ (35) ਵੀ ਗੋਲੀਆਂ ਦੇ ਛੱਰਿਆਂ ਨਾਲ ਜ਼ਖ਼ਮੀ ਹੋ ਗਿਆ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।



