
ਬਾਲ ਕਿਸ਼ਨ
ਫਿਰੋਜ਼ਪੁਰ, 14 ਅਗਸਤ : ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਜੇਲ੍ਹ ਵਿਚ ਲਗਾਤਾਰ ਮਿਲ ਰਹੇ ਮੋਬਾਈਲ ਫ਼ੋਨਾਂ ਅਤੇ ਨਸ਼ੀਲੇ ਪਦਾਰਥਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਦਿਨ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਦੇ ਅੰਦਰੋਂ ਵੱਡੀ ਗਿਣਤੀ ਵਿਚ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਲਾਸ਼ੀ ਦੌਰਾਨ ਕੁੱਲ 23 ਮੋਬਾਈਲ ਫ਼ੋਨ, 137 ਪੂੜੀਆਂ ਜਰਦਾ (ਤੰਬਾਕੂ), 3 ਸਿਗਰੇਟ ਦੀਆਂ ਡੱਬੀਆਂ, 5 ਚਾਰਜਰ, ਅਤੇ 1 ਡਾਟਾ ਕੇਬਲ ਬਰਾਮਦ ਕੀਤੀ ਗਈ ਹੈ। ਇਹ ਸਾਰਾ ਸਮਾਨ ਲਾਵਾਰਿਸ ਹਾਲਤ ਵਿਚ ਮਿਲਿਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ, 42 ਪ੍ਰੀਸਨਰਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਵੱਖ-ਵੱਖ ਮਿਤੀਆਂ ’ਤੇ ਭੇਜੇ ਗਏ ਪੱਤਰਾਂ ਦੇ ਆਧਾਰ ’ਤੇ ਕੀਤੀ ਗਈ ਹੈ। ਇਨ੍ਹਾਂ ਪੱਤਰਾਂ ਵਿਚ ਦੱਸਿਆ ਗਿਆ ਸੀ ਕਿ ਅਗਸਤ ਮਹੀਨੇ ਦੀ ਸ਼ੁਰੂਆਤ ਤੋਂ ਹੀ ਜੇਲ੍ਹ ਵਿੱਚੋਂ ਇਹ ਪਾਬੰਦੀਸ਼ੁਦਾ ਸਮਾਨ ਲਗਾਤਾਰ ਬਰਾਮਦ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਅਗਸਤ 2025 ਨੂੰ ਲਾਵਾਰਿਸ ਹਾਲਤ ਵਿਚ 2 ਕੀਪੈਡ ਮੋਬਾਈਲ ਫ਼ੋਨ, 22 ਅਗਸਤ 2025 ਨੂੰ ਵੀ 2 ਹੋਰ ਮੋਬਾਈਲ ਫ਼ੋਨ, 3 ਅਗਸਤ 2025 ਨੂੰ 10 ਕੀਪੈਡ ਮੋਬਾਈਲ ਫ਼ੋਨ (ਬਿਨ੍ਹਾ ਸਿਮ ਦੇ) ਅਤੇ 35 ਪੂੜੀਆਂ ਜਰਦਾ ‘‘ਥਰੋ’’ ਦੌਰਾਨ ਮਿਲੀਆਂ। 11 ਅਗਸਤ 2025 ਨੂੰ ਕੀਤੀ ਗਈ ਤਲਾਸ਼ੀ ਦੌਰਾਨ 102 ਪੂੜੀਆਂ ਜਰਦਾ, 8 ਕੀਪੈਡ ਮੋਬਾਈਲ ਫ਼ੋਨ, 5 ਚਾਰਜਰ, ਅਤੇ 3 ਸਿਗਰੇਟ ਦੀਆਂ ਡੱਬੀਆਂ ਬਰਾਮਦ ਕੀਤੀਆਂ ਗਈਆਂ। 12 ਅਗਸਤ 2025 ਨੂੰ 1 ਕੀਪੈਡ ਮੋਬਾਈਲ ਫ਼ੋਨ ਅਤੇ 1 ਡਾਟਾ ਕੇਬਲ ਲਾਵਾਰਿਸ ਹਾਲਤ ਵਿਚ ਮਿਲੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਹੀ 10 ਮੋਬਾਈਲ ਫ਼ੋਨ ਬਰਾਮਦ ਹੋਏ ਸਨ, ਪਰ ਤਾਜ਼ਾ ਕਾਰਵਾਈ ਨੇ ਇਹ ਅੰਕੜਾ ਇਕਦਮ ਵਧਾ ਦਿੱਤਾ ਹੈ। ਕੇਂਦਰੀ ਜੇਲ੍ਹ ਜਿਹੀ ਸੁਰੱਖਿਅਤ ਥਾਂ ’ਤੇ ਇੰਨੀ ਵੱਡੀ ਗਿਣਤੀ ਵਿਚ ਪਾਬੰਦੀਸ਼ੁਦਾ ਸਮਾਨ ਦਾ ਮਿਲਣਾ ਜੇਲ੍ਹ ਦੀ ਸੁਰੱਖਿਆ ਵਿਵਸਥਾ ਵਿਚ ਵੱਡੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ। ਪੁਲਿਸ ਇਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਚੀਜ਼ਾਂ ਜੇਲ੍ਹ ਦੇ ਅੰਦਰ ਕਿਵੇਂ ਪਹੁੰਚ ਰਹੀਆਂ ਸਨ।



