ਫ਼ਿਰੋਜ਼ਪੁਰ ਅੰਦਰ ਫਿਰ ਚੱਲੀ ਗੋਲੀ
ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇਮੀਗ੍ਰੇਸ਼ਨ ਦੇ ਮਾਲਕ ਰਾਹੁਲ ਕੱਕੜ ਉਪਰ ਕੀਤੀ ਫਾਇਰਿੰਗ

ਜਸਵਿੰਦਰ ਸਿੰਘ ਸੰਧੂ, , ਬਾਲ ਕਿਸ਼ਨ
ਫਿਰੋਜ਼ਪੁਰ 1 ਅਗਸਤ- ਫ਼ਿਰੋਜ਼ਪੁਰ ਅੰਦਰ ਫਿਰ ਹੁਣ ਇੱਕ ਵਾਰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵੱਲੋਂ ਪ੍ਰਸਿੱਧ ਸਮਾਜ ਸੇਵੀ ਅਤੇ WAIC ਇਮੀਗ੍ਰੇਸ਼ਨ ਦੇ ਸੰਚਾਲਕ ਰਾਹੁਲ ਕੱਕੜ ‘ਤੇ ਹੋਇਆ ਜਾਨਲੇਵਾ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਆਪਣੀ ਐਕਟੀਵਾ ‘ਤੇ ਜਾ ਰਹੇ ਰਾਹੁਲ ਕੱਕੜ ਉਪਰ ਸਾਹਮਣੇ ਤੋਂ ਆ ਰਹੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਜਖ਼ਮੀ ਕਰ ਦਿੱਤਾ ਅਤੇ ਇਸ ਦੌਰਾਨ ਇੱਕ ਗੋਲੀ ਰਾਹੁਲ ਕੱਕੜ ਦੀ ਖੱਬੀ ਬਾਂਹ ਵਿੱਚ ਲੱਗੀ। ਗੋਲੀ ਦਾ ਸ਼ਿਕਾਰ ਹੋਏ ਰਾਹੁਲ ਕੱਕੜ ਨੂੰ ਤੁਰੰਤ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਹੁਣ ਉਹ ਖਤਰੇ ਤੋਂ ਬਾਹਰ ਹੈ। ਲਗਾਤਾਰ ਫਿਰੋਜ਼ਪੁਰ ਵਿਚ ਹੋ ਰਹੀਆਂ ਐਸੀਆਂ ਘਟਨਾਵਾਂ ਦੇ ਚਲਦੀਆਂ ਜਿਥੇ ਸ਼ਹਿਰ ਵਾਸੀ ਚਿੰਤਤ ਦਿਖਾਈ ਦੇ ਰਹੇ ਹਨ ਉਥੇ ਘਟਨਾ ਦੀ ਸੂਚਨਾ ਮਿਲਦਿਆਂ ਐਸਐਸਪੀ ਫਿਰੋਜ਼ਪੁਰ ਮੌਕੇ ‘ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਮਲਾਵਰਾਂ ਦੀ ਪਛਾਣ ਜਲਦ ਕਰਕੇ ਕਾਬੂ ਕਰ ਲਿਆ ਜਾਵੇਗਾ ਅਤੇ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਹਸਪਤਾਲ ਵਿਚ ਜੇਰੇ ਇਲਾਜ ਰਾਹੁਲ ਕੱਕੜ ਨੂੰ ਮਿਲਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਸੁੱਖਵਿੰਦਰ ਸਿੰਘ ਨੇ ਦਸਿਆ ਕਿ ਜਖ਼ਮੀ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਹਮਲਾਵਾਰਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਖ਼ਮੀ ਨੂੰ ਹਮਲਾਵਾਰਾਂ ਬਾਰੇ ਨਹੀਂ ਪਤਾ, ਪਰ ਅਸੀਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਕੰਮ ਕਰ ਰਹੇ ਹਾਂ।



