
ਬਾਲ ਕਿਸ਼ਨ
ਫ਼ਿਰੋਜ਼ਪੁਰ, 24 ਅਪ੍ਰੈਲ- ਬੀਤੇ ਦੋ ਦਿਨ ਪਹਿਲਾਂ ਬਾਜ਼ਾਰਾਂ ਵਿਚ ਸ਼ਰੇਆਮ ਗੋਲੀ ਚਲਾ ਕੇ ਦੋ ਨੌਜਵਾਨਾਂ ਦੇ ਕਾਤਲਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਸੀ ਕਿ ਬੀਤੀ ਦੇਰ ਸ਼ਾਮ ਆਪਣੀ ਦੁਕਾਨ ’ਤੇ ਬੈਠੇ ਕਾਂਗਰਸੀ ਕੌਂਸਲਰ ਮੌਂਟੀ ’ਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਪਰ ਕਿਸਮਤ ਵਜੋਂ ਕੌਂਸਲਰ ਮੌਂਟੀ ਦਾ ਬਚਾਅ ਹੋ ਗਿਆ। ਫ਼ਿਰੋਜ਼ਪੁਰ ਅੰਦਰ ਗੈਂਗਸਟਰਾਂ ਦੀਆਂ ਵਧੀਆਂ ਗਤੀਵਿਧੀਆਂ ਤੋਂ ਲੋਕਾਂ ਵਿਚ ਭਾਰੀ ਰੋਸ ਹੈ ਤੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਕਤ ਘਟਨਾ ਦੀ ਖ਼ਬਰ ਮਿਲਦੇ ਹੀ ਡੀ.ਐੱਸ.ਪੀ ਸਿਟੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਦਾਅਵਾ ਕੀਤਾ ਕਿ ਫ਼ਿਰੋਜ਼ਪੁਰ ਦੇ ਮਾਹੌਲ ਨੂੰ ਸੁਖਾਲਾ ਬਣਾਇਆ ਜਾਵੇਗਾ ਤੇ ਦਹਿਸ਼ਤਗਰਦੀ ਫੈਲਾ ਰਹੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੌਂਸਲਰ ਮੌਂਟੀ ਦੇ ਸਮੱਰਥਨ ’ਚ ਪਹੁੰਚੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਪ੍ਰਧਾਨ ਰੋਹਿਤ ਕੁਮਾਰ ‘ਰਿੰਕੂ’ ਗਰੋਵਰ ਨੇ ਵਿਗੜ ਰਹੇ ਨਿਯਮਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਤੋਂ ਜ਼ਿੰਦਗੀ ਜਿਉਣ ਦਾ ਹੱਕ ਮੰਗਿਆ। ਮੌਂਟੀ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਪਿਛਲੇ 25 ਸਾਲਾਂ ਤੋਂ ਉਨ੍ਹਾਂ ਦੇ ਪਰਿਵਾਰ ਦੇ ਜੀਅ ਕੌਂਸਲਰ ਬਣੇ ਆ ਰਹੇ ਹਨ, ਜਿਸ ਕਰਕੇ ਇਲਾਕੇ ਦੇ ਲੋਕਾਂ ਦੇ ਕੰਮਾਂ ਲਈ ਰਾਤ–ਬਰਾਤੇ ਕਈ ਵਾਰ ਥਾਣੇ ਕਚਿਹਰੀਆਂ ਜਾਣਾ ਪੈ ਜਾਂਦਾ ਹੈ।



