
ਪਟਿਆਲਾ, 14 ਅਪਰੈਲ-ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਮੁਲਜ਼ਮ ਨੇ ਫਰਾਰ ਹੋਣ ਦੇ ਚੱਕਰ ਵਿਚ ਅਦਾਲਤ ਵਿਚ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।ਜਿਸਨੂੰ ਪੁਲਿਸ ਨੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਮੁਲਜ਼ਮ ਦੀ ਪਛਾਣ ਰਵੀ ਕੁਮਾਰ ਵਾਸੀ ਰੰਗੇ ਸ਼ਾਹ ਕਲੋਨੀ ਵਜੋਂ ਹੋਈ ਹੈ। ਘਟਨਾ ਸੋਮਵਾਰ ਦੁਪਹਿਰ ਸਮੇਂ ਵਾਪਰੀ ਜਦੋਂ ਥਾਣਾ ਸਿਵਲ ਲਾਇਨ ਪੁਲਿਸ ਰਵੀ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਰਵੀ ਕੁਮਾਰ ਨੂੰ ਬੀਤੇ ਦਿਨ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਖਿਲਾਫ ਥਾਣਾ ਸਿਵਲ ਲਾਇਨ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਅੰਗਰੇਜ ਸਿੰਘ ਦੀ ਅਗਵਾਈ ਵਾਲੀ ਟੀਮ ਸੋਮਵਾਰ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜ਼ਿਲ੍ਹਾ ਅਦਾਲਤ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਲੈ ਕੇ ਆਈ ਸੀ। ਇਸ ਦੌਰਾਨ ਰਵੀ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਦੀ ਹਿਰਾਸਤ ਵਿਚੋਂ ਭੱਜ ਗਿਆ। ਪੁਲਿਸ ਟੀਮ ਵਲੋਂ ਪਿੱਛਾ ਕੀਤਾ ਗਿਆ ਤੇ ਮੁਲਜ਼ਮ ਨੇ ਤੀਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਥੱਲੇ ਡਿੱਗੇ ਮੁਲਜ਼ਮ ਨੂੰ ਪੁਲਿਸ ਵਲੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਡੀਐੱਸਪੀ ਨੇ ਦੱਸਿਆ ਕਿ ਰਵੀ ਕੁਮਾਰ ਨਸ਼ਾ ਕਰਨ ਤੇ ਵੇਚਣ ਦਾ ਆਦੀ ਹੈ, ਹੁਣ ਤੱਕ ਦੀ ਪੜਤਾਲ ਵਿਚ ਪਤਾ ਲੱਗਿਆ ਹੈ ਕਿ ਇਸ ਖਿਲਾਫ ਐੱਨਡੀਪੀਐੱਸ ਤੇ ਐਕਸਾਈਜ਼ ਐਕਟ ਤਹਿਤ ਦੋ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।



