National

ਪੰਜਾਬ, ਹਰਿਆਣਾ ਦੀ ਆਪਸੀ ਲੜਾਈ ਦੀ ਭੇਂਟ ਚੜ੍ਹਿਆ ਮਾਧੋਪੁਰ ਹੈੱਡਵਰਕਸ

60 ਸਾਲਾਂ ਤੋਂ ਚੱਲ ਰਹੀ ਅਦਾਲਤੀ ਲੜਾਈ ਕਾਰਨ ਸਹੀ ਢੰਗ ਨਾਲ ਨਹੀਂ ਹੋਈ ਸਫ਼ਾਈ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 29 ਅਗਸਤ : ਪੰਜਾਬ ਤੇ ਹਰਿਆਣਾ ਦੇ ਵਿਚਕਾਰ ਰਾਵੀ ਦਰਿਆ ਦੇ ਵਾਧੂ ਪਾਣੀ ਨੂੰ ਲੈ ਕੇ ਪਿਛਲੇ 60 ਸਾਲਾਂ ਤੋਂ ਚੱਲ ਰਹੀ ਰਾਜਨੀਤਕ ਤੇ ਅਦਾਲਤੀ ਲੜਾਈ ਨੇ ਮਾਧੋਪੁਰ ਹੈੱਡਵਰਕਸ ਨੂੰ ਆਪਣੀ ਭੇਂਟ ਚੜ੍ਹਾ ਦਿੱਤਾ ਹੈ। ਇਹ ਸੁਣਨ ਵਿਚ ਅਜੀਬ ਲੱਗਦਾ ਹੈ, ਪਰ ਹਕੀਕਤ ਇਹ ਹੈ ਕਿ ਪੰਜਾਬ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਮਾਧੋਪੁਰ ਹੈੱਡਵਰਕਸ ਤੋਂ ਆਮ ਦਿਨਾਂ ਵਿਚ ਰਾਵੀ ਵਿਚ ਪਾਣੀ ਨਹੀਂ ਛੱਡਿਆ ਜਾਂਦਾ। ਦਰਅਸਲ, ਇੱਥੋਂ ਛੱਡਿਆ ਗਿਆ ਪਾਣੀ ਸਿੱਧਾ ਪਾਕਿਸਤਾਨ ਚਲਾ ਜਾਂਦਾ ਹੈ, ਜੋ ਪੰਜਾਬ ਦੇ ਕੇਸ ਨੂੰ ਕਮਜ਼ੋਰ ਕਰਦਾ ਹੈ, ਪਰ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇਨ੍ਹਾਂ ਦੇ ਗੇਟਾਂ ਦੀ ਮੁਰੰਮਤ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿਵੇਂ ਕਿ ਰੋਪੜ ਜਾਂ ਹਰਿਕੇ ਹੈਡਵਰਕਸ ਦੀ ਹੁੰਦੀ ਹੈ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਗੇਟਾਂ ਦੀ ਆਇਲਿੰਗ ਅਤੇ ਗ੍ਰੀਸਿੰਗ ਕੀਤੀ ਗਈ ਸੀ, ਪਰ 25 ਅਗਸਤ ਨੂੰ ਜੰਮੂ ਖੇਤਰ ਵਿਚ ਹੋਈ ਭਾਰੀ ਬਰਸਾਤ ਨਾਲ ਬਹੁਤ ਸਾਰੀ ਸਿਲਟ ਆਈ ਜੋ ਉੱਜ ਦਰਿਆ ਅਤੇ ਹੋਰ ਖੱਡਾਂ ਰਾਹੀਂ ਆਈ ਤੇ ਸਾਰੇ ਗੇਟਾਂ ਦੇ ਨੇੜੇ ਜੰਮ ਗਈ। ਅਸੀਂ ਇਸ ਨਾਲ ਜੂਝ ਰਹੇ ਸੀ ਕਿ 26 ਅਤੇ 27 ਨੂੰ ਰਣਜੀਤ ਸਾਗਰ ਡੈਮ ਵਿਚ ਬਿਲਕੁਲ ਵੀ ਸਮਰੱਥਾ ਨਾ ਹੋਣ ਕਾਰਨ ਸਾਰਾ ਪਾਣੀ ਰੀਲੀਜ਼ ਕਰਨਾ ਪਿਆ। ਇਸ ਲਈ, ਗੇਟਾਂ ਦੇ ਅੱਗੇ ਭਾਰੀ ਸਿਲਟ ਤੇ ਪਿੱਛਿਓਂ ਆ ਰਹੇ ਪਾਣੀ ਦੇ ਕਾਰਨ ਗੇਟ ਟੁੱਟ ਗਿਆ। ਗੇਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਵਿਭਾਗ ਦਾ ਇਕ ਮੁਲਾਜ਼ਮ ਵੀ ਬਹਿ ਗਿਆ।

ਗੇਟ ਦਾ ਗਾਰਡਰ ਡਿੱਗਿਆ ਤੇ ਹੱਥੋਂ ਛੁੱਟ ਗਿਆ ਸਾਥੀ…

ਮਾਧੋਪੁਰ ਹੈੱਡਵਰਕਸ ਦੇ ਗੇਟ ਖੋਲ੍ਹਣ ਦੇ ਯਤਨ ਕਰ ਰਹੇ ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਲਈ ਇਹ ਮੌਕਾ ਕਿਸੇ ਜੰਗ ਲੜਨ ਦੇ ਬਰਾਬਰ ਸੀ। ਪਾਣੀ ਦੇ ਦਬਾਅ ਕਾਰਨ ਗੇਟ ਟੁੱਟਣ ਲੱਗਾ ਤਾਂ ਕਈ ਮੁਲਾਜ਼ਮ ਨਾਲ ਵਾਲੇ ਗੇਟ ’ਤੇ ਜਾਣ ਲੱਗੇ। ਐਕਸੀਐੱਨ ਛਾਲ ਮਾਰ ਚੁੱਕੇ ਸਨ ਪਰ ਉਨ੍ਹਾਂ ਨੇ ਆਪਣੇ ਮੁਲਾਜ਼ਮ ਦਾ ਹੱਥ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਇਸ ਦੌਰਾਨ ਵਿਚਕਾਰ ਵਾਲੇ ਗੇਟ ਦਾ ਇਕ ਗਾਰਡਰ ਉਨ੍ਹਾਂ ਦੀ ਬਾਂਹ ’ਤੇ ਆ ਡਿੱਗਿਆ ਤੇ ਉਨ੍ਹਾਂ ਦੇ ਹੱਥੋਂ ਆਪਣੇ ਸਾਥੀ ਦਾ ਹੱਥ ਛੁੱਟ ਗਿਆ। ਜਲ ਸਰੋਤ ਵਿਭਾਗ ਦੇ ਅਧਿਕਾਰੀ ਪਾਣੀ ਵਿਚ ਬਹਿ ਜਾਣ ਵਾਲੇ ਮੁਲਾਜ਼ਮ ਦਾ ਨਾਂ ਇਹ ਕਹਿ ਕੇ ਨਹੀਂ ਦੱਸਦੇ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਇਹੀ ਇੱਛਾ ਹੈ। ਦੂਜੇ ਪਾਸੇ, ਜਿਸ ਐਕਸਈਐਨ ਦੇ ਹੱਥੋਂ ਛੁੱਟ ਕੇ ਮੁਲਾਜ਼ਮ ਪਾਣੀ ਵਿਚ ਬਹਿ ਗਿਆ ਹੈ, ਉਹ ਇਸ ਹਾਦਸੇ ਤੋਂ ਬਾਅਦ ਗਹਿਰੇ ਸਦਮੇ ਵਿਚ ਹਨ।

Related Articles

Leave a Reply

Your email address will not be published. Required fields are marked *

Back to top button