ਪੰਜਾਬ ਸਰਕਾਰ ਫ਼ੋਕੀਆਂ ਬਿਆਨ ਬਾਜ਼ੀਆਂ ਰਾਹੀਂ ਲੋਕਾਂ ਨੂੰ ਕਰ ਰਹੀ ਗੁੰਮਰਾਹ, ਪੰਜਾਬ ਦੀਆਂ ਨਹਿਰਾਂ ਅੱਜ ਵੀ ਸੁੱਕੀਆਂ

ਜੈਤੋ , 5 ਜੂਨ : ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਦੀਆਂ ਨਹਿਰਾਂ ਅਤੇ ਕੱਸੀਆਂ ਸੁੱਕੀਆਂ ਪਈਆਂ ਹਨ, ਇਹ ਨਹਿਰੀ ਪਾਣੀ ਭਗਵੰਤ ਮਾਨ ਸਰਕਾਰ ਕਿੱਧਰ ਭੇਜ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੈ ਪਰ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਵਾਧੂ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ ਨੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ ਦੀ ਆੜ੍ਹਤ ਦੀ ਦੁਕਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕਾਮਰੇਡ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਫ਼ੋਕੀਆਂ ਬਿਆਨ ਬਾਜ਼ੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸੂਬੇ ਦੇ ਲੋਕਾਂ ਨੂੰ ਨਹਿਰਾਂ ਤੇ ਕੱਸੀਆਂ ਦਾ ਪਾਣੀ ਦੇਣ ਦੀ ਬਜਾਏ ਦੂਜੇ ਸੂਬਿਆਂ ਨੂੰ ਭੇਜ ਰਹੀ ਹੈ ਕਿਉਂਕਿ ਪੰਜਾਬ ਦੀਆਂ ਨਹਿਰਾਂ ਅੱਜ ਵੀ ਸੁੱਕੀਆਂ ਪਈਆਂ ਹਨ ਜਦ ਕਿ ਸੂਬਾ ਸਰਕਾਰ ਨੇ 1 ਜੂਨ ਤੋਂ ਫ਼ਰੀਦਕੋਟ ਆਦਿ ਜਿਲ੍ਹਿਆਂ ਵਿਚ ਝੋਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਸੂਏ ਸੁੱਕੇ ਪਏ ਹਨ। ਜਦ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ਵਿਚ ਜਲਦ ਪਾਣੀ ਨਾ ਛੱਡਿਆ ਤਾਂ ਕਾਂਗਰਸ ਪਾਰਟੀ ਆਉਂਦੇ ਦਿਨਾਂ ਵਿਚ ਤਿੱਖਾ ਸੰਘਰਸ਼ ਵਿੱਢੇਗੀ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਬਰਾੜ ਚੈਨਾ, ਬਲਾਕ ਸੰਮਤੀ ਮੈਂਬਰ ਗੁਰਤੇਜ ਸਿੰਘ ਸਿੱਧੂ ਦਬੜ੍ਹੀਖਾਨਾ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਬਰਾੜ ਰੋੜੀਕਪੂਰਾ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ ਨਹਿਰੀ ਪਾਣੀ ਦੀ ਉਡੀਕ ਵਿਚ ਹਨ ਕਿਉਂਕਿ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਐਲਾਨ ਤਾਂ ਪੰਜਾਬ ਸਰਕਾਰ ਨੇ ਕਰ ਦਿੱਤਾ ਪਰ ਨਹਿਰੀ ਪਾਣੀ ਹਾਲੇ ਤੱਕ ਨਹਿਰਾਂ ਵਿਚ ਨਹੀਂ ਛੱਡਿਆ ਗਿਆ ਜਦ ਕਿ ਸਰਕਾਰ ਕਿਸਾਨਾਂ ਨੂੰ ਫ਼ਸਲ ਪਾਲਣ ਲਈ ਟੇਲਾਂ ’ਤੇ ਪਾਣੀ ਪਹੁੰਚਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਨਹੀਂ ਥੱਕਦੀ ਅਤੇ ਪੰਜਾਬ ਦੇ ਲੋਕ ਸੂਬਾ ਸਰਕਾਰ ਦੇ ਲਾਰੇ ਲੱਪੇ ਵਾਲੀਆਂ ਗੱਲਾਂ ਨੂੰ ਸਮਾਂ ਆਉਣ ’ਤੇ ਜ਼ਰੂਰ ਯਾਦ ਕਰਵਾਉਣਗੇ।



