Punjab

ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪੁਲਿਸ ਹਿਰਾਸਤ ’ਚ ਨਹੀਂ, ਸਗੋਂ ਆਪਣੀ ਮਰਜ਼ੀ ਨਾਲ ਹਸਪਤਾਲ ਦਾਖ਼ਲ ਹੋ ਕਰਵਾ ਰਿਹੈ ਇਲਾਜ

ਚੰਡੀਗੜ੍ਹ, 24 ਮਾਰਚਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ’ਚ ਮੰਗੇ ਜਵਾਬ ’ਤੇ ਸੂਬਾ ਸਰਕਾਰ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੁਲੀਸ ਦੀ ਹਿਰਾਸਤ ਵਿਚ ਨਹੀਂ ਹਨ ਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ‘ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਕੇਐੱਮਐੱਮਜੁਆਇੰਟ ਫੋਰਮ ਦੇ ਆਗੂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਸਟਿਸ ਮਨੀਸ਼ਾ ਬੱਤਰਾ ਦੇ ਬੈਂਚ ਨੇ ਪੰਜਾਬ ਸਰਕਾਰ ਦੇ ਉਪਰੋਕਤ ਦਾਅਵੇ ਤੇ ਪਟੀਸ਼ਨਰ ਵੱਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਕਿ ਉਹ ਡੱਲੇਵਾਲ ਨੂੰ ਉਨ੍ਹਾਂ ਦੇ ਪਰਿਵਾਰਕ ਜੀਆਂ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਮਿਲਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ। ਹਾਈ ਕੋਰਟ ਡੱਲੇਵਾਲ ਦੀ ਰਿਹਾਈ ਨੂੰ ਲੈ ਕੇ ਦਾਖ਼ਲ ਹੈੈਬੀਅਸ ਕੋਰਪਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਨੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੇ ਹਵਾਲੇ ਨਾਲ ਕਿਹਾ ਕਿ ਕਿਸਾਨ ਆਗੂ ਦੀ ਸਿਹਤ ਸੰਭਾਲ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਹੀ ਹਸਪਤਾਲ ਵਿਚ ਦਾਖ਼ਲ ਕਰਵਾਉਣ ਦੀ ਇੱਛਾ ਜਤਾਈ ਸੀ ਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਵਕੀਲ ਨੇ ਕਿਹਾ, ‘‘ਕਿਸਾਨ ਆਗੂ ਨੂੰ ਕਿਤੇ ਵੀ ਜਾਣ ਦੀ ਖੁੱਲ੍ਹ ਹੈ। ਉਨ੍ਹਾਂ ਖ਼ੁਦ ਹਸਪਤਾਲ ਜਾਣ ਨੂੰ ਤਰਜੀਹ ਦਿੱਤੀ ਸੀ। ਕਿਸਾਨ ਆਗੂ ਦਾ ਪਰਿਵਾਰ ਸੁਰੱਖਿਆ ਨੇਮਾਂ ਮੁਤਾਬਕ ਉਨ੍ਹਾਂ ਨੂੰ ਮਿਲ ਸਕਦਾ ਹੈ। ਉਧਰ ਡੱਲੇਵਾਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਅਧਿਕਾਰੀ ਕਿਸਾਨ ਆਗੂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਤੋਂ ਰੋਕ ਰਹੀਆਂ ਹਨ। ਵਕੀਲ ਨੇ ਕਿਹਾ, ‘‘ਡੱਲੇਵਾਲ ਪਾਣੀ ਵੀ ਨਹੀਂ ਪੀ ਰਹੇ ਤੇ ਕਿਸੇ ਨੂੰ ਵੀ ਉਨ੍ਹਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜਸਟਿਸ ਬੱਤਰਾ ਨੇ ਕਿਹਾ, ‘‘ਸਰਕਾਰੀ ਵਕੀਲ ਨੇ ਦਾਅਵਾ ਕੀਤਾ ਹੈ ਕਿ ਪਟੀਸ਼ਨਰ ਕਾਨੂੰਨੀ ਜਾਂ ਗੈਰਕਾਨੂੰਨੀ ਕਿਸੇ ਵੀ ਤਰੀਕੇ ਨਾਲ ਪੁਲੀਸ ਦੀ ਹਿਰਾਸਤ ਵਿਚ ਨਹੀਂ ਹੈ। ਕਿਸਾਨ ਆਗੂ ਨੂੰ ਉਸ ਦੀ ਇੱਛਾ ਮੁਤਾਬਕ ਪਟਿਆਲਾ ਦੇ ਪਾਰਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਇਸੇ ਪੜਾਅ ’ਤੇ ਪਟੀਸ਼ਨਰ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਆਗੂ ਨੂੰ ਉਸ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਲਿਹਾਜ਼ਾ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਤਾਂ ਕਿ ਕਿਸਾਨ ਆਗੂ ਦਾ ਪਰਿਵਾਰ ਹਸਪਤਾਲ ਵਿਚ ਉਨ੍ਹਾਂ ਨੂੰ ਮਿਲ ਸਕੇ। ਕਾਬਿਲੇਗੌਰ ਹੈ ਕਿ ਪਟੀਸ਼ਨਰ ਤੇ ਕਿਸਾਨ ਆਗੂ ਗੁਰਮੁੱਖ ਸਿੰਘ ਨੇ ਦਾਅਵਾ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਦੇ 300 ਤੋਂ 400 ਹੋਰ ਮੈਂਬਰ ਲਾਪਤਾ ਹਨ। ਪਟੀਸ਼ਨਰ ਨੇ ਡੱਲੇਵਾਲ ਤੇ ਹੋਰਨਾਂ ਲਾਪਤਾ ਕਿਸਾਨ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਰਟ ਦੇ ਦਖ਼ਲ ਦੀ ਮੰਗ ਵੀ ਕੀਤੀਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਹਿਰਾਸਤ ਵਿਚ ਲਏ ਕਿਸਾਨ ਆਗੂਆਂ ਨੂੰ ਕੋਰਟ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਜਾਣ। ਪਟੀਸ਼ਨਰ ਵੱਲੋਂ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ, ਅੰਗਰੇਜ਼ ਸਿੰਘ ਤੇ ਕੰਵਰਜੀਤ ਸਿੰਘ ਪੇਸ਼ ਹੋਏ।

Related Articles

Leave a Reply

Your email address will not be published. Required fields are marked *

Back to top button