Punjab

ਪੰਜਾਬ ਸਰਕਾਰ ਦੀ ਅਣ-ਐਲਾਨੀ ਵਿੱਤੀ ਐਮਰਜੈਂਸੀ ਖ਼ਿਲਾਫ਼ ਸੂਬੇ ਭਰ ਦੇ ਖਜ਼ਾਨਾ ਦਫਤਰਾਂ ਅੱਗੇ 8 ਜੁਲਾਈ ਨੂੰ ਧਰਨਿਆਂ ਦਾ ਐਲਾਨ। ਸੂਬਾ ਸਰਕਾਰ ਤਨਖਾਹਾਂ ਦੇਣ ਤੋਂ ਵੀ ਭੱਜੀ- ਡੈਮੋਕ੍ਰੈਟਿਕ ਟੀਚਰਜ਼ ਫਰੰਟ

ਬਾਲ ਕਿਸ਼ਨ

ਫਿਰੋਜ਼ਪੁਰ, 5 ਜੁਲਾਈ- ਇੱਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਮਾਲੀਏ ਵਿੱਚ ਵੱਡੇ ਵਾਧੇ ਦੇ ਦਮਗਜੇ ਮਾਰੇ ਜਾ ਰਹੇ ਹਨ ਸੂਬੇ ਦੇ ਖਜ਼ਾਨੇ ਦੀ ਵਿੱਤੀ ਹਾਲਤ ਮਜ਼ਬੂਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਅਤੇ ਸਿੱਖਿਆ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਅਧਿਆਪਕ ਆਪਣੀ ਸੇਵਾ ਮੁਕਤੀ ਦੇ ਲਾਭ ਲੈਣ ਲਈ ਤਰਸ ਰਹੇ ਹਨ। ਪ੍ਰਤੀਨਿਧ ਅਧਿਆਪਕ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ ਨੇ ਪੰਜਾਬ ਸਰਕਾਰ ਦੀ ਵਿੱਤੀ ਐਮਰਜੈਂਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਰ. ਬੀ.ਆਈ. ਤੋਂ 8500 ਕਰੋੜ ਦਾ ਕਰਜਾ ਲੈਣ ਦੇ ਬਾਵਜੂਦ ਵੀ ਮੁਲਜ਼ਮਾਂ ਦੀਆਂ ਵਿੱਤੀ ਦੇਣਦਾਰੀਆਂ ਅਦਾ ਨਹੀਂ ਕਰ ਰਹੀ। ਇਸ ਤੋਂ ਬਿਨਾਂ ਵੀ ਸੂਬਾ ਸਰਕਾਰ ਹਰ ਮਹੀਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੋਂ ਵਿਕਾਸ ਟੈਕਸ ਦੇ ਨਾਮ ਤੇ 200 ਰੁਪਏ ਪ੍ਰਤੀ ਮਹੀਨਾ ਜਜੀਏ ਦੀ ਉਗਰਾਹੀ ਕਰਨ ਦੇ ਬਾਵਜੂਦ ਵੀ ਵਿੱਤੀ ਮੁਹਾਜ਼ ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਫੋਕੀ ਇਸ਼ਤਿਹਾਰਬਾਜ਼ੀ ਦੇ ਸਹਾਰੇ ਵਾਹ ਵਾਹ ਖੱਟਣ ਦੇ ਰਾਹ ਪਈ ਸੂਬਾ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 31 ਮਾਰਚ ,30 ਅਪ੍ਰੈਲ ਅਤੇ 31 ਮਈ 2025 ਨੂੰ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਫੁੱਟੀ ਕੌਡੀ ਵੀ ਜਾਰੀ ਨਹੀਂ ਕੀਤੀ ਗਈ। ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਯੁੱਧਜੀਤ ਸਰਾਂ, ਮੀਤ ਪ੍ਰਧਾਨ ਉਡੀਕ ਉਡੀਕ ਚਾਵਲਾ, ਸੰਯੁਕਤ ਸਕੱਤਰ ਗੁਰਦੇਵ ਸਿੰਘ ਭਾਗੋਕੇ, ਵਿੱਤ ਸਕੱਤਰ ਗੁਰਮੀਤ ਤੂੰਮਬੜਭੰਨ ਅਤੇ ਪ੍ਰੈੱਸ ਸਕੱਤਰ ਅਜੈ ਪਵਾਰ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਦੀ ਪੈਰਵਾਈ ਕਰਦਿਆਂ ਕਿਹਾ ਕਿ ਸੂਬੇ ਭਰ ਵਿੱਚ ਹਾਲੇ ਤੱਕ ਸਾਰੇ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਕੀਤੀ ਗਈ ਅਧਿਆਪਕਾਂ ਨੂੰ ਤਨਖਾਹਾਂ ਲੈਣ ਲਈ ਵੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਮੈਡੀਕਲ ਪ੍ਰਤੀਪੂਰਤੀ, ਜੀ.ਪੀ.ਐੱਫ. ਫਾਈਨਲ ਪੇਮੈਟ, ਜੀ. ਪੀ.ਐੱਫ.ਅਡਵਾਂਸ, ਇੱਥੋਂ ਤੱਕ ਕਿ ਮੌਤ ਹੋਣ ਦੀ ਹਾਲਤ ਵਿੱਚ ਦਿੱਤੀ ਜਾਣ ਵਾਲੀ ਐਕਸਗਰੇਸ਼ੀਆ ਦੇ ਬਿੱਲ ਵੀ ਖਜ਼ਾਨਾ ਦਫਤਰਾਂ ਵਿਚ ਰੁਲ ਰਹੇ ਹਨ। ਜ਼ਿਲ੍ਹਾ ਆਗੂਆਂ ਗੁਰਪ੍ਰੀਤ ਮੱਲੋਕੇ, ਅਵਤਾਰ ਪੁਰੀ, ਵਿਸ਼ਾਲ ਸਹਿਗਲ, ਕੁਲਵਿੰਦਰ ਸਾਧੂਵਾਲਾ, ਸਮੀਰ ਅਰੋੜਾ, ਗੁਰਪ੍ਰੀਤ ਵਾੜਾ ਪੋਹਵਿੰਡ, ਮਹਿਤਾਬ ਕੰਗ, ਦਵਿੰਦਰ ਗੱਟੀ ਰਾਜੋਕੇ, ਹਰਪ੍ਰੀਤ ਭਾਗੋਕੇ, ਅਮਨਦੀਪ ਸ਼ਾਹ ਅਬੂ ਬੁੱਕਰ, ਦਵਿੰਦਰ ਗਿੱਲ, ਵਿਕਾਸ ਫ਼ਰੀਦੇਵਾਲਾ, ਬਲਰਾਜ ਲੁਹਾਮ, ਪ੍ਰਦੀਪ ਕਰਮਿੱਤੀ, ਰਮਾਂ ਕਾਂਤ ਯਾਦਵ, ਰਤਨਦੀਪ ਸਿੰਘ ਅਤੇ ਸੰਤੋਖ ਠੱਠਾ ਨੇ ਕਿਹਾ ਕਿ ਵਿੱਤੀ ਰੋਕਾਂ ਖ਼ਿਲਾਫ਼ 8 ਜੁਲਾਈ ਨੂੰ ਸੂਬੇ ਭਰ ਦੇ ਖਜ਼ਾਨਾ ਦਫਤਰਾਂ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਅਧਿਆਪਕ ਵਰਗ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button