
ਰੂਪਨਗਰ, 29 ਜੁਲਾਈ : ਤਕਨੀਕੀ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਦੇ ਖੇਤਰ ’ਚ ਇੱਕ ਅਹਿਮ ਕਦਮ ਚੁੱਕਦਿਆਂ ਆਈਆਈਟੀ ਰੂਪਨਗਰ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ, ਅੰਮ੍ਰਿਤਸਰ ਦਰਮਿਆਨ ਸੋਮਵਾਰ ਨੂੰ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐੱਮਓਯੂ) ‘ਤੇ ਦਸਤਖ਼ਤ ਕੀਤੇ ਗਏ, ਜਿਸ ਦਾ ਮਕਸਦ ਏਆਈ ਆਧਾਰਿਤ ਸਾਈਬਰ-ਫ਼ਿਜ਼ੀਕਲ ਸਿਸਟਮ (ਸੀਪੀਐੱਸ) ਲੈਬ ਦੀ ਸਥਾਪਨਾ ਕਰਨੀ ਹੈ। ਆਈਆਈਟੀ ਰੂਪਨਗਰ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਭਵਿੱਖੀ ਸਕਿੱਲਾਂ ਨਾਲ ਲੈਸ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਆਈਆਈਟੀ ਰੂਪਨਗਰ ਦੇ ਉੱਚ ਅਧਿਕਾਰੀ, ਨੋਮੀਨੀ ਡਾਇਰੈਕਟਰ ਅਤੇ ਪ੍ਰਿੰਸੀਪਲ ਕਮਲਦੀਪ ਕੌਰ, ਸਕਿਲਿੰਗ ਅਤੇ ਸਟਾਰਟਅੱਪ ਟੀਮ, ਪੰਜਾਬ ਸਰਕਾਰ ਦੇ ਪੰਜਾਬ ਕਮਿਊਨੀਕੇਸ਼ਨਜ਼ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦੀ ਫੈਕਲਟੀ ਟੀਮ ਕਸ਼ਮੀਰੀ ਲਾਲ, ਡਾ. ਹਰਪ੍ਰੀਤ ਸਿੰਘ ਸੋਚ, ਸਤੀਸ਼ ਕੁਮਾਰ, ਸੁਮੀਤਰਬੀਰ ਸਿੰਘ, ਨਵਨੀਤ ਕੌਰ, ਪ੍ਰਭਜੀਤ ਕੌਰ, ਸੁਰਿੰਦਰ ਸਿੰਘ, ਹਰਪ੍ਰੀਤ ਕੌਰ (ਜੀਪੀਸੀ ਭਿਖੀਵਿੰਡ) ਅਤੇ ਜਸਬੀਰ ਸਿੰਘ (ਜੀਪੀਸੀ ਬਟਾਲਾ) ਵੀ ਮੌਜੂਦ ਸਨ। ਸੈਸ਼ਨ ਦੀ ਸ਼ੁਰੂਆਤ ਆਈਆਈਟੀ ਰੂਪਨਗਰ ਦੇ ਚੀਫ ਲਾਇਜ਼ਨ ਅਫਸਰ ਆਦਿੱਤਿਆ ਮੈਦਾਨ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ, ਇਸ ਤੋਂ ਬਾਅਦ ਸਕਿਲਿੰਗ ਟੀਮ ਵੱਲੋਂ ਸੀਪੀਐੱਸ ਲੈਬ ਦੇ ਉਦੇਸ਼ਾਂ ਬਾਰੇ ਇੱਕ ਵਿਸਥਾਰਪੂਰਵਕ ਪੇਸ਼ਕਸ਼ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਲੈਬ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਵੀਂ ਤਕਨਾਲੋਜੀ ਵਿਚ ਰਿਸਰਚ ਸਹਿਯੋਗ, ਤਕਨੀਕੀ ਸਹਾਇਤਾ ਅਤੇ ਪ੍ਰਯੋਗਾਤਮਕ ਸਿਖਲਾਈ ਪ੍ਰਦਾਨ ਕਰਨਾ ਹੈ। ਇਸ ਐੱਮਓਯੂ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਵਿਚ ਇੱਕ ਅਧੁਨਿਕ ਸੀਪੀਐੱਸ ਲੈਬ ਦੀ ਸਥਾਪਨਾ ਲਈ ਸਾਂਝੇ ਉਪਰਾਲੇ ਕੀਤੇ ਜਾਣਗੇ। ਰਿਸਰਚ, ਨਵੀਨਤਾ ਅਤੇ ਤਕਨੀਕੀ ਤਾਲੀਮ ਵਿੱਚ ਸਹਿਯੋਗ ਦਿੱਤਾ ਜਾਵੇਗਾ ਅਤੇ ਉਦਯੋਗ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸਕਿੱਲ ਆਧਾਰਿਤ ਸਿੱਖਿਆ ਮਾਡਿਊਲਾਂ ਦੀ ਤਿਆਰੀ ਕੀਤੀ ਜਾਵੇਗੀ। ਪੰਜਾਬ ਕਮਿਊਨੀਕੇਸ਼ਨਜ਼ ਵਿਭਾਗ ਵੱਲੋਂ ਦਿੱਤੀ ਪੇਸ਼ਕਸ਼ ਦੌਰਾਨ ਸੂਬਾ ਸਰਕਾਰ ਦੀ ਨਵੀਨਤਾ ਅਤੇ ਉੱਦਮਤਾ ਪ੍ਰਤੀ ਵਚਨਬੱਧਤਾ ਨੂੰ ਰੂਪਰੇਖਾ ਦਿੱਤੀ ਗਈ। ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ ’ਚ ਤਕਨੀਕੀ ਸਿੱਖਿਆ ਵਿਭਾਗ ਦੀ ਕੋਆਰਡੀਨੇਟਰ ਡਾ. ਨਵਨੀਤ ਵਾਲੀਆ ਵੱਲੋਂ ਸਮਾਪਤ ਟਿੱਪਣੀਆਂ ਦਿੱਤੀਆਂ ਗਈਆਂ।



