
ਪੱਟੀ, 12 ਅਗਸਤ : ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ, ਪੈਨਸ਼ਨਰ ਦੀਆਂ ਲਮਕ ਰਹੀਆਂ ਮੰਗਾਂ ਦਾ ਕੋਈ ਹੱਲ ਨਾ ਕਰਨ ਤੇ ਵਾਰ-ਵਾਰ ਮੀਟਿੰਗਾਂ ਦਾ ਸਮਾਂ ਨਿਸ਼ਚਿਤ ਕਰ ਕੇ ਮੁਲਤਵੀ ਕਰਨ ਤੋਂ ਖਫ਼ਾ ਹੋਏ ਬਿਜਲੀ ਮੁਲਾਜ਼ਮ ਤੇ ਪੈਨਸ਼ਨਰਾਂ ਵੱਲੋਂ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਸਾਂਝੇ ਤੌਰ ’ਤੇ 11 ਤੋਂ 13 ਅਗਸਤ ਤੱਕ ਛੁੱਟੀ ’ਤੇ ਜਾਣ ਦੇ ਦਿੱਤੇ ਸੱਦੇ ਤਹਿਤ ਸ਼ਹਿਰੀ ਸਬ-ਡਵੀਜ਼ਨ ਪੱਟੀ ਦੇ ਸਮੁੱਚੇ ਮੁਲਾਜ਼ਮ ਛੁੱਟੀ ’ਤੇ ਚਲੇ ਗਏ ਹਨ। ਇਸ ਮੌਕੇ ਬਿਜਲੀ ਮੁਲਾਜ਼ਮ ਆਗੂ ਇੰਜੀ: ਮੰਗਲ ਸਿੰਘ ਜੇਈ, ਇੰਜੀ: ਗੁਰਬਲਜੀਤ ਸਿੰਘ ਜੇਈ, ਇੰਜੀ: ਮਨਜਿੰਦਰ ਸਿੰਘ ਜੇਈ ਦੀ ਸਾਂਝੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਨੂੰ ਬਿਜਲੀ ਮੁਲਾਜ਼ਮ ਆਗੂ ਕੁਲਦੀਪ ਸਿੰਘ ਬਾਹਮਣੀ ਵਾਲਾ, ਸੰਤੋਸ਼ ਕੁਮਾਰ ਪੱਟੀ, ਕਰਮ ਸਿੰਘ ਗਿੱਲ ਰੈਵੇਨਿਊ ਅਧਿਕਾਰੀ, ਅਰਵਿੰਦਰਜੀਤ ਸਿੰਘ, ਇੰਜੀ: ਮਨਜਿੰਦਰ ਸਿੰਘ ਜੇ ਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਲਾਰੇ-ਲੱਪੇ ਲਾ ਕੇ ਸਮਾਂ ਟਪਾ ਰਹੀ ਹੈ। ਅਜਿਹੀਆਂ ਨੀਤੀਆਂ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਨੂੰ ਮਜਬੂਰੀ ਵੱਸ ਤਿੰਨ ਦਿਨ ਦੀ ਛੁੱਟੀ ’ਤੇ ਜਾਣਾ ਪਿਆ। ਆਗੂਆਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਦਿੱਤਾ ਜਾਵੇ, ਕੈਸ਼ ਲੈਸ਼ ਮੈਡੀਕਲ ਸਕੀਮ ਮੁੜ ਚਾਲੂ ਕੀਤੀ ਜਾਵੇ, ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ’ਚ ਰਹਿਤ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮਜੀਤ ਸਿੰਘ ਯੂਡੀਸੀ, ਜੋਧਵੀਰ ਸਿੰਘ ਐੱਲਡੀਸੀ, ਹਰਜੀਤ ਸਿੰਘ, ਕੇਵਲਜੀਤ ਸਿੰਘ, ਗੁਰਚੇਤ ਸਿੰਘ, ਗੁਰਸ਼ਰਨ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮਪਾਲ, ਪਾਖਰ ਸਿੰਘ, ਟਹਿਲ ਸਿੰਘ, ਦਲਵਿੰਦਰ ਸਿੰਘ, ਬਲਵੰਤ ਸਿੰਘ, ਲਵਨੀਤ ਸਿੰਘ, ਆਕਾਸ਼ਦੀਪ ਸਿੰਘ, ਚਰਨਜੀਤ ਕੌਰ ਅਤੇ ਰਾਜਵੀਰ ਕੌਰ ਆਦਿ ਮੌਜੂਦ ਸਨ।



