ਨੈਸ਼ਨਲ ਹੈਲਥ ਮਿਸ਼ਨ ਦਾ 10000 ਮੁਲਾਜ਼ਮ ਗਿਆ ਹੜਤਾਲ ‘ਤੇ
2 ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਕੰਮ ਕਾਜ਼ ਕੀਤਾ ਠੱਪ

ਬਾਲ ਕਿਸ਼ਨ
ਫ਼ਿਰੋਜ਼ਪੁਰ, 3 ਦਸੰਬਰ : ਫ਼ਿਰੋਜ਼ਪੁਰ ਸਿਵਲ ਸਰਜਨ ਦਫ਼ਤਰ ਵਿਖੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਪਿੱਛਲੇ 2 ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਰਕੇ ਧਰਨਾ ਲਗਾਇਆ ਗਿਆ । ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ 10000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਮੁਲਾਜ਼ਮਾਂ ਵੱਲੋਂ 1 ਦਸੰਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ । ਇਸੇ ਲੜੀ ਤਹਿਤ ਅੱਜ ਸੂਬੇ ਦੇ ਸਾਰੇ ਜਿਲਿਆਂ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਧਰਨੇ ਲਗਾਏ ਜਾ ਰਹੇ ਹਨ ਅਤੇ 4 ਦਸੰਬਰ ਨੂੰ ਐਮਡੀ ਐਨ ਐਚ ਐਮ ਦਫ਼ਤਰ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਜਾਵੇਗਾ ਜਿਸ ਵਿੱਚ ਪੂਰੇ ਪੰਜਾਬ ਵਿੱਚੋਂ 6000 ਮੁਲਾਜ਼ਮ ਸ਼ਾਮਲ ਹੋਣਗੇ । ਆਗੂਆਂ ਨੇ ਦੱਸਿਆ ਕਿ ਆਪ ਸਰਕਾਰ ਦੇ ਮੰਤਰੀ ਪਿਛਲੀਆਂ ਸਰਕਾਰਾਂ ਵਿੱਚ ਐਨ ਐਚ ਐਮ ਦੇ ਧਰਨਿਆਂ ਵਿੱਚ ਸ਼ਾਮਲ ਹੁੰਦੇ ਸੀ ਅਤੇ ਉੱਥੇ ਵਾਦਾ ਕਰਦੇ ਸੀ ਕਿ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੁਹਾਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇਗਾ । ਪਰੰਤੂ ਸਰਕਾਰ ਬਣਨ ਤੋਂ ਬਾਅਦ ਇਹਨਾਂ ਵੱਲੋਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਲਟਾ ਕੰਮ ਕਰਨ ਤੋਂ ਬਾਅਦ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ । ਆਗੂਆਂ ਨੇ ਦੱਸਿਆ ਕਿ ਮਜੂਦਾ ਸਰਕਾਰ ਮੁਲਾਜ਼ਮਾਂ ਪ੍ਰਤਿ ਬਿਲਕੁੱਲ ਵੀ ਸੰਵੇਦਨਸ਼ੀਲ ਨਹੀਂ ਹੈ ਅਤੇ ਪਿੱਛਲੇ ਲੰਮੇਂ ਸਮੇਂ ਤੋਂ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ । ਸਰਕਾਰ ਦੇ ਆਗੂਆਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ਼ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਸਾਰੀਆਂ ਹੀ ਬੇਸਿੱਟਾ ਨਿਕਲੀਆਂ ਹਨ । ਆਗੂਆਂ ਨੇ ਕਿਹਾ ਉਹਨਾਂ ਵੱਲੋਂ ਮਜ਼ਬੂਰੀ ਵਿੱਚ ਸਿਹਤ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ ਕਿਉਂਕਿ ਮੁਲਾਜ਼ਮਾਂ ਨੂੰ 2 ਮਹੀਨੇ ਬੀਤ ਜਾਣ ਮਗਰੋਂ ਵੀ ਤਨਖਾਹ ਨਹੀਂ ਮਿਲੀ । ਉਹਨਾਂ ਕਿਹਾ ਕਿ ਸਰਕਾਰ ਤੁਰੰਤ ਸਾਡੀਆਂ ਮੰਗਾਂ ਪੂਰੀਆਂ ਕਰੇ ਅਤੇ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕਰੇ ਨਹੀਂ ਮਜ਼ਬੂਰਨ ਉਹਨਾਂ ਨੂੰ ਹੜਤਾਲ ਜਾਰੀ ਰੱਖਣੀ ਪਵੇਗੀ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ । ਧਰਨੇ ਨੂੰ ਡਾ ਪ੍ਰੀਤ ਮਖੀਜਾ, ਨਰਿੰਦਰ ਸਿੰਘ, ਪੈਰਾਮੈਡੀਕਲ ਯੂਨੀਅਨ ਆਗੂ ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਕੌੜਾ, ਡਾ ਲਲਿਤ ਨਾਗਪਾਲ, ਬਗੀਚ ਸਿੰਘ, ਸੁਖਦੇਵ ਸਿੰਘ, ਲਵਪ੍ਰੀਤ ਸਿੰਘ, ਡਾ ਸ਼ਿਵਲਕਸ਼ਨਾ ਸ਼ੋਰੀ, ਰਾਜਵਿੰਦਰ ਕੌਰ, ਗੌਰਵ ਦਾਸ, ਹਰਜਿੰਦਰ ਸਿੰਘ, ਕਮਲਜੀਤ ਸਿੰਘ ਆਦਿ ਵੱਲੋਂ ਸੰਬੋਧਨ ਕੀਤਾ ਗਿਆ।



