ਤਰਨਤਾਰਨ, 6 ਮਾਰਚ : ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਵਿਜੀਲੈਂਸ ਬਿਊਰੋ ਵਿੱਚ ਪ੍ਰਬੰਧਕੀ ਪੱਧਰ ‘ਤੇ ਫੇਰਬਦਲ ਕੀਤਾ ਗਿਆ ਹੈ। ਵਿਭਾਗ ਨੇ ਤਿੰਨ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ (IPS) ਵੱਲੋਂ ਜਾਰੀ ਕੀਤੇ ਗਏ ਹਨ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ, ਰਵਜੋਤ ਗਰੇਵਾਲ (IPS) ਨੂੰ ਜੁਆਇੰਟ ਡਾਇਰੈਕਟਰ ਐਡਮਿਨਿਸਟ੍ਰੇਸ਼ਨ, ਵਿਜੀਲੈਂਸ ਬਿਊਰੋ ਪੰਜਾਬ ਦੇ ਅਹੁਦੇ ‘ਤੇ ਬਰਕਰਾਰ ਰੱਖਦਿਆਂ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਉਨ੍ਹਾਂ ਨੂੰ ਜੁਆਇੰਟ ਡਾਇਰੈਕਟਰ IVC ਅਤੇ SU ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਇਸ ਵਾਧੂ ਜ਼ਿੰਮੇਵਾਰੀ ਨਾਲ ਵਿਜੀਲੈਂਸ ਬਿਊਰੋ ਦੀ ਜਾਂਚ ਅਤੇ ਨਿਗਰਾਨੀ ਨਾਲ ਜੁੜੇ ਕੰਮਾਂ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ।
ਜਗਤ ਪ੍ਰੀਤ ਸਿੰਘ ਬਣੇ ਐੱਸਐੱਸਪੀ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ
ਉੱਥੇ ਹੀ ਜਗਤ ਪ੍ਰੀਤ ਸਿੰਘ (PPS) ਨੂੰ ਜੁਆਇੰਟ ਡਾਇਰੈਕਟਰ IVC ਅਤੇ SU, ਵਿਜੀਲੈਂਸ ਬਿਊਰੋ ਪੰਜਾਬ ਦੇ ਅਹੁਦੇ ਤੋਂ ਤਬਦੀਲ ਕਰਕੇ ਸੀਨੀਅਰ ਸੁਪਰਿੰਟੈਂਡੈਂਟ ਆਫ਼ ਪੁਲਿਸ (SSP) ਵਿਜੀਲੈਂਸ ਬਿਊਰੋ, ਫ਼ਿਰੋਜ਼ਪੁਰ ਰੇਂਜ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਹੁਣ ਇਸ ਰੇਂਜ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਮਨਜੀਤ ਸਿੰਘ (PPS) ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ, ਫ਼ਿਰੋਜ਼ਪੁਰ ਰੇਂਜ ਦੇ ਅਹੁਦੇ ਤੋਂ ਹਟਾ ਕੇ ਐੱਸਐੱਸਪੀ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਕੀਤਾ ਗਿਆ ਹੈ। ਨਵੀਂ ਪੋਸਟਿੰਗ ਤੋਂ ਬਾਅਦ ਉਹ ਅੰਮ੍ਰਿਤਸਰ ਰੇਂਜ ਵਿੱਚ ਵਿਜੀਲੈਂਸ ਨਾਲ ਜੁੜੇ ਮਾਮਲਿਆਂ ਦੀ ਨਿਗਰਾਨੀ ਕਰਨਗੇ।
ਜਲਦ ਕਾਰਜਭਾਰ ਸੰਭਾਲਣ ਦੇ ਹੁਕਮ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਤਬਾਦਲਿਆਂ ਦਾ ਮੁੱਖ ਉਦੇਸ਼ ਵਿਭਾਗੀ ਕੰਮਾਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਅਤੇ ਪ੍ਰਬੰਧਕੀ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਨਾਲ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਤੇਜ਼ੀ ਆਵੇਗੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ। ਹੁਕਮਾਂ ਦੀਆਂ ਕਾਪੀਆਂ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਦੇ ਸਕੱਤਰ, ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਜੁਆਇੰਟ ਡਾਇਰੈਕਟਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਅਧਿਕਾਰੀ ਜਲਦ ਤੋਂ ਜਲਦ ਆਪਣਾ ਨਵਾਂ ਕਾਰਜਭਾਰ ਸੰਭਾਲ ਸਕਣ।
URL Copied