ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੁੂ)– ਪੰਜਾਬ ਰੋਡਵੇਜ਼/ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਭਰਵੀਂ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਵਿੱਚ ਬੋਲਦਿਆਂ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਮਹਿਕਮੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਵਿੱਚ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਮਹਿਕਮੇ ਵਿੱਚ ਕੰਮ ਕਰਦੀਆਂ ਵੱਖ ਵੱਖ ਕੈਟਾਗਿਰੀਆਂ ਦੀਆ ਪਰਮੋਸ਼ਨਾਂ ਨੂੰ ਸਮੇਂ ਅਨੁਸਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਵਿੱਚ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਅਤੇ ਨਾ ਹੀ ਕਰਜਾ ਮੁਕਤ ਬੱਸਾਂ ਨੂੰ ਰੋਢਵੇਜ਼ ਦੇ ਫਲੀਟ ਵਿੱਚ ਮਰਜ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਮਹਿਕਮੇ ਵਿੱਚ ਉਮਰ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਰਿਟਾਇਰ ਤਾਂ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਖਾਲੀ ਹੋਈਆਂ ਪੋਸਟਾਂ ਤੇ ਨਾ ਤਾਂ ਪੱਕੀ ਭਰਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਮਹਿਕਮੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਟਰੈਕਟ/ਆਉਟਸੋਰਸਿੰਗ ਤੇ ਰੱਖੇ ਕਾਮਿਆਂ ਨੂੰ ਬਿਨਾਂ ਕਿਸੇ ਸ਼ਰਤ ਪੱਕਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮਹਿਕਮੇ ਦੀ ਚਿੰਤਾ ਕਰਦੇ ਹੋਏ ਇਹ ਵੀ ਦੱਸਿਆ ਕਿ ਸਰਕਾਰ ਪੁਨਰਗਠਣ ਦੇ ਨਾਮ ਤੇ ਮਹਿਕਮੇ ਵਿੱਚ ਜਿਵੇਂ ਡਰਾਈਵਰ, ਕੰਡਕਟਰ, ਕਲਰਕ ਅਤੇ ਵਰਕਸਾਪ ਸਟਾਫ ਆਦਿ ਦੀਆਂ ਪੋਸਟਾਂ ਨੂੰ ਖਤਮ ਕਰਕੇ ਮਹਿਕਮੇ ਦਾ ਨਿੱਜਕਰਣ ਕਰਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਰੋਡਵੇਜ ਮਹਿਕਮੇ ਅਤੇ ਮਹਿਕਮੇ ਵਿੱਚ ਕੰਮ ਕਰਦੇ ਹਜਾਰਾਂ ਕਰਮਚਾਰੀਆਂ ਦੀਆਂ ਜਾਇਜ ਮੰਗਾ ਨੂੰ ਜਲਦੀ ਪੂਰਾ ਨਹੀਂ ਕਰਦੀ ਹੈ ਤਾਂ ਆਉਣ ਵਾਲੀ 04 ਜਨਵਰੀ ਦਿਨ ਸ਼ਨੀਵਾਰ ਨੂੰ ਟਰਾਂਸਪੋਰਟ ਮੰਤਰੀ ਦੇ ਘਰ ਪੱਟੀ ਵਿਖੇ ਧਰਨਾ ਦਿੱਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਏਟਕ ਜਥੇਬੰਦੀ ਤੋਂ ਜਨਰਲ ਸਕੱਤਰ ਜਗਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਅਰਜੁਨ ਚੋਪੜਾ, ਕਰਮਚਾਰੀ ਦਲ ਜਥੇਬੰਦੀ ਤੋਂ ਪ੍ਰਧਾਨ ਮਹਿੰਦਰ ਸਿੰਘ, ਮੀਤ ਪ੍ਰਧਾਨ ਦਵਿੰਦਰ ਕੁਮਾਰ, ਇੰਟਕ ਜਥੇਬੰਦੀ ਤੋਂ ਸਾਬਕਾ ਪ੍ਰਧਾਨ ਬਲਵੀਰ ਸਿੰਘ ਸੰਧੂ, ਮੀਤ ਪ੍ਰਧਾਨ ਗੁਰਭੇਜ ਸਿੰਘ, ਮਨਿਸਟਰੀਅਲ ਜਥੇਬੰਦੀ ਤੋਂ ਮੀਤ ਪ੍ਰਧਾਨ ਜਸਕਰਨ ਸਿੰਘ, ਜੋਆਇੰਟ ਸਕੱਤਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ।



