Punjab

ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025

ਫ਼ਿਰੋਜ਼ਪੁਰ ਦੀਆਂ ਲੜਕੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 2-0 ਨਾਲ ਹਰਾ ਕੀਤੀ ਸ਼ਾਨਦਾਰ ਜਿੱਤ ਦਰਜ

ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼
ਜੋਗਿੰਦਰਾ ਕਾਨਵੇਂਟ ਸਕੂਲ ਵਿੱਚ ਹੋਏ ਮੁਕਾਬਲੇ
ਫਿਰੋਜ਼ਪੁਰ, 6 ਜੁਲਾਈ (ਜਸਵਿੰਦਰ ਸਿੰਘ ਸੰਧੂ)– ਸੀਨੀਅਰ ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025 ਦੇ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਲਵਾ ਐਫ.ਸੀ ਮੁਕਤਸਰ ਨੂੰ 2-0 ਨਾਲ ਹਰਾ ਕੇ ਜਿੱਥੇ ਸ਼ਾਨਦਾਰ ਜਿੱਤ ਦਰਜ ਕੀਤੀ, ਉੱਥੇ ਕਮਾਲ ਦਾ ਪ੍ਰਦਰਸ਼ਨ ਕਰ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ। ਟੂਰਨਾਮੈਂਟ ਦੇ ਕੁਆਲੀਫਾਇਰ-ਮੈਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜੋਗਿੰਦਰਾ ਕਾਨਵੈਂਟ ਸਕੂਲ ਬੱਧਣੀ ਗੁਲਾਬ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖੇਡ ਮੈਦਾਨ ਵਿਚ ਹੋਇਆ। ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫ਼ਿਰੋਜਪੁਰ ਦੇ ਪ੍ਰਧਾਨ ਹਰਜੀਤ ਸਿੰਘ ਦੀ ਦੇਖ–ਰੇਖ ਹੇਠ ਮੁਕਾਬਲਿਆਂ ਦੌਰਾਨ ਟੂਰਨਾਮੈਂਟ ਦਾ ਉਦਘਾਟਨ ਜੋਗਿੰਦਰਾ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਸ: ਸਿਮਰਨਪ੍ਰੀਤ ਸਿੰਘ ਧਾਲੀਵਾਲ ਨੇ ਕਰਦਿਆਂ ਜਿੱਥੇ ਖਿਡਾਰੀਆਂ ਨਾਲ ਜਾਣ–ਪਛਾਣ ਕੀਤੀ, ਉੱਥੇ ਉਨ੍ਹਾਂ ਨੂੰ ਮੁਕਾਬਲੇ ਦੌਰਾਨ ਪੂਰੀ ਵਾਹ ਲਗਾ ਕੇ ਮੈਚ ਖੇਡਣ ਅਤੇ ਨਿਯਮਾਂ ਤੇ ਖਰਾ ਉੱਤਰ ਸਾਫ਼–ਸੁਥਰੀ ਖੇਡ ਪ੍ਰਦਰਸ਼ਨ ਕਰਨ ਦਾ ਅਸ਼ੀਰਵਾਦ ਵੀ ਦਿੱਤਾ। ਹੋਏ ਰੋਮਾਂਚਕ ਮੁਕਾਬਲੇ ਵਿਚ ਪਹਿਲਾਂ ਤਾਂ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਦੀਆਂ ਖਿਡਾਰਣਾਂ ਨੇ ਆਪਣਾ ਦੱਬ–ਦਬਾਅ ਬਣਾਈ ਰੱਖਿਆ, ਪਰ ਥੋੜੇ੍ਹ ਹੀ ਸਮੇਂ ਬਾਅਦ ਫ਼ਿਰੋਜ਼ਪੁਰ ਦੀਆਂ ਖਿਡਾਰਣਾਂ ਨੇ ਫਸਵਾਂ ਮੁਕਾਬਲਾ ਕਰਦੇ ਹੋਏ ਪਹਿਲੇ ਹਾਫ਼ ’ਚ ਅਤੇ ਇੱਕ ਦੂਜਾ ਗੋਲ ਦੂਜੇ ਹਾਫ਼ ’ਚ ਕਰਨ ਵਿੱਚ ਸਫਲਤਾ ਹਾਸਲ ਕੀਤੀ। ਨੈਸ਼ਨਲ ਤੱਕ ਆਪਣੀ ਖੇਡ ਦੀ ਤਾਕ ਜਮਾ ਚੁੱਕੀ ਫ਼ਿਰੋਜ਼ਪੁਰ ਦੀ ਖਿਡਾਰਨ ਜੋਹਾ ਖਾਨ ਦਾ ਪ੍ਰਦਰਸ਼ਨ ਕਮਾਲ ਦਾ ਸੀ, ਜਿਸ ਨੇ ਮਹੱਤਵਪੂਰਨ ਗੋਲ਼ਾਂ ਨਾਲ ਆਪਣੀ ਟੀਮ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ। ਜਿੱਤ ਮਿਲਣ ਨਾਲ ਫ਼ਿਰੋਜ਼ਪੁਰ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਗਿਆ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਅਗਲੇ ਮੁਕਾਬਲੇ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਹੋਣਗੇ, ਜਿੱਥੇ 8 ਜੁਲਾਈ ਨੂੰ ਜ਼ਿਲ੍ਹਾ ਜਲੰਧਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਨੇ ਸ਼ਾਨਦਾਰ ਅਨੁਸ਼ਾਸਨ ਅਤੇ ਰਣਨੀਤਕ ਖੇਡ ਦਾ ਪ੍ਰਦਰਸ਼ਨ ਕੀਤਾ। ਕੋਚ ਦਲਜੀਤ ਸਿੰਘ (ਜਾਫ਼ਾ–ਡੀ.ਐਫ.ਏ ਫ਼ਿਰੋਜ਼ਪੁਰ) ਅਤੇ ਰਾਜਨ ਕੁਮਾਰ (ਮਾਲਵਾ–ਡੀ.ਐਫ.ਏ ਮੁਕਤਸਰ) ਨੇ ਆਪਣੀ ਟੀਮ ਨੂੰ ਸਮਰਪਣ ਅਤੇ ਖੇਡ ਭਾਵਨਾ ਨਾਲ ਅਗਵਾਈ ਦਿੱਤੀ। ਮੁਕਾਬਲੇ ਦੌਰਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਆਗੂ ਜਸਵਿੰਦਰ ਸਿੰਘ ਸੰਧੂ ਸੀਨੀਅਰ ਪੱਤਰਕਾਰ, ਗੁਰਮੀਤ ਸਿੰਘ ਗਿੱਲ (ਸਕੱਤਰ, ਡੀ.ਐਫ.ਏ), ਸੁਖਦੀਪ ਸਿੰਘ (ਵੈਟਰਨ ਫੁੱਟਬਾਲਰ ਅਤੇ ਕੋਚ), ਸੁਖਜੀਤ ਸਿੰਘ ਕੱਸੋਆਣਾ ਅਤੇ ਅਸ਼ੋਕ ਕੁਮਾਰ ਜ਼ੀਰਾ ਆਦਿ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ, ਜਿਨਾਂ ਨੇ ਖੇਡ ਪ੍ਰਬੰਧਾਂ, ਪ੍ਰਦਰਸ਼ਨ ਅਤੇ ਖਿਡਾਰੀਆਂ ਦੀ ਅਨੁਸ਼ਾਸਨਮਈ ਖੇਡ ਦੀ ਭਰਪੂਰ ਪ੍ਰਸ਼ੰਸਸਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਪੰਜਾਬ ਦੇ ਪਿੰਡ–ਪਿੰਡ ਅੰਦਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਜਵਾਨੀ ਪੰਜਾਬ ਸਰਕਾਰ ਦੇ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਬਣ ਖੇਡ ਗਰਾਊਂਡਾਂ ਨਾਲ ਜੁੜ ਨਰੋਆ ਅਤੇ ਤੰਦਰੁਸਤ ਸਮਾਜ ਸਿਰਜ ਪੰਜਾਬ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ ਤੋਰਨ ਦੇ ਸਮਰੱਥ ਬਣੇ। ਸਮਾਪਤੀ ਸਮੇਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਸਾਰੇ ਮਹਿਮਾਨਾਂ, ਡੀ.ਐਫ.ਏ ਅਧਿਕਾਰੀਆਂ, ਖਿਡਾਰੀਆਂ ਅਤੇ ਦੋਵਾਂ ਟੀਮਾਂ ਦੇ ਸਹਾਇਕ ਸਟਾਫ਼ ਦਾ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿੱਥੇ ਸਹਿਯੋਗ ਵਜੋਂ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਰਕਾਰੀ ਹਸਪਤਾਲ ਫ਼ਿਰਜ਼ੋਸ਼ਾਹ ਦੀ ਮੈਡੀਕਲ ਟੀਮ ਅਤੇ ਜੋਗਿੰਦਰਾ ਕਾਨਵੈਂਟ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਚ ਅਤੇ ਚਾਰ ਦਿਨਾਂ ਕੈਂਪ ਦੇ ਸੁਚਾਰੂ ਪ੍ਰਬੰਧਨ ਲਈ ਯਤਨਾਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਜਾਫ਼ਾ ਟੀਮ ਨੂੰ ਉਨ੍ਹਾਂ ਦੇ ਆਉਣ ਵਾਲੇ ਮੈਚ ਵਿੱਚ ਸਫਲਤਾ ਦੀ ਕਾਮਨਾ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਜਿਹੜੇ ਖੇਡ ਪ੍ਰੇਮੀ ਮੈਚ ਦੇਖਣ ਤੋਂ ਖੁੰਝ ਗਏ, ਉਹ ਇਨ੍ਹਾਂ ਮੁਕਾਬਲਿਆਂ ਨੂੰ “he 6ero੍ਰepur Live ਯੂਟੀਊਬ ਅਤੇ ਫੇਸਬੁੱਕ ’ਤੇ ਕਦੇ ਵੀ ਦੇਖ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button