
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 31 ਜੁਲਾਈ : ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਸਰਕਾਰ ਦਾ ਸਿੱਖ ਉਮੀਦਵਾਰਾਂ ਨੂੰ ਰਾਜ ਵਿਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਵਿਚ ਸਾਰੇ ਧਾਰਮਿਕ ਚਿੰਨ (ਕਿਰਪਾਨ, ਕੜਾ ਅਤੇ ਦਸਤਾਰ) ਪਾਉਣ ਦੀ ਆਗਿਆ ਦੇਣ ’ਤੇ ਧੰਨਵਾਦ ਕੀਤਾ ਹੈ। ਰਾਜਸਥਾਨ ਸਰਕਾਰ ਨੇ ਪਹਿਲੀ ਵਾਰੀ ਦਸੰਬਰ 2019 ਵਿਚ ਇਹ ਕਕਾਰ ਪਾਉਣ ਦੀ ਆਗਿਆ ਦੇਣ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਹੁਣ 29 ਜੁਲਾਈ 2025 ਨੂੰ ਰਾਜਸਥਾਨ ਦੇ ਗ੍ਰਹਿ ਵਿਭਾਗ ਵੱਲੋਂ ਦੁਬਾਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿਚ ਪੁਲਿਸ, ਸਿੱਖਿਆ ਵਿਭਾਗ ਅਤੇ ਭਰਤੀ ਬੋਰਡ ਸਮੇਤ ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਸਿੱਖ ਉਮੀਦਵਾਰਾਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ ਪਾਉਣ ਤੋਂ ਨਾ ਰੋਕਿਆ ਜਾਵੇ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਸਿਰਫ਼ ਪ੍ਰਸ਼ਾਸਕੀ ਸਪਸ਼ਟਤਾ ਨਹੀਂ, ਬਲਕਿ ਭਾਰਤ ਦੀ ਧਾਰਮਿਕ ਆਜ਼ਾਦੀ ਅਤੇ ਵਿਭਿੰਨਤਾ ਦੇ ਆਦਰ ਦਾ ਇਕ ਉਦਾਹਰਨ ਹੈ। ਇਹ ਭਾਜਪਾ ਦੀ ਸਾਰਿਆਂ ਧਰਮਾਂ ਪ੍ਰਤੀ ਆਦਰ ਅਤੇ ਹਰ ਨਾਗਰਿਕ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨ ਦੀ ਲਗਾਤਾਰ ਨੀਤੀ ਨੂੰ ਦਰਸਾਉਂਦਾ ਹੈ।



