ਪੰਜਾਬ ਪੁਲਿਸ ਨੇ ਆਪ੍ਰੇਸ਼ਨ ਸੀਲ-18 ਤਹਿਤ 71 ਐਂਟਰੀ ਐਗਜ਼ਿਟ ਪੁਆਇੰਟ ਕੀਤੇ ਸੀਲ
9 ਵਾਹਨ ਜ਼ਬਤ ਕਰਦਿਆਂ ਨੌਂ ਨੂੰ ਕੀਤਾ ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 10 ਅਗਸਤ : ਪੰਜਾਬ ਪੁਲਿਸ ਨੇ ਆਪ੍ਰੇਸ਼ਨ ਸੀਲ-18 ਚਲਾਇਆ ਹੈ। ਇਸ ਦਾ ਉਦੇਸ਼ ਸਰਹੱਦੀ ਇਲਾਕਿਆਂ ਤੋਂ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧੀਆਂ ’ਤੇ ਬਾਜ਼ ਨਜ਼ਰ ਰੱਖਣਾ ਹੈ•। ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਅਨੁਸਾਰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਰੇ ਜ਼ਿਲ੍ਹਿਆਂ ਵਿਚ ਇੱਕੋ ਵੇਲੇ ਇਹ ਕਾਰਵਾਈ ਕੀਤੀ ਗਈ। ਸਰਹੱਦੀ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨੂੰ ਰਣਨੀਤਕ ਸਥਾਨਾਂ ’ਤੇ ਸਾਂਝੇ ਨਾਕੇ ਲਗਾਉਣ ਅਤੇ ਗਜ਼ਟਿਡ ਅਧਿਕਾਰੀਆ ਦੀ ਨਿਗਰਾਨੀ ’ਚ ਵੱਧ ਤੋਂ ਵੱਧ ਪੁਲਿਸ ਬਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 19 ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਸ੍ਰੀ ਮੁਕਤਸਰ, ਸਾਹਿਬ, ਫਾਜ਼ਿਲਕਾ, ਰੂਪਨਗਰ, ਐੱਸਏਐੱਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ’ਚ 71 ਐਂਟੀ ਐਗਜ਼ਿਟ ਪੁਆਇੰਟਾਂ ’ਤੇ ਮਜ਼ਬੂਤ ਨਾਕੇ ਲਗਾਏ ਗਏ। ਇਨ੍ਹਾਂ ’ਤੇ 600 ਤੋਂ ਵੱਧ ਪੁਲਿਸ ਮੁਲਾਜ਼ਮ, ਇੰਸਪੈਕਟਰ/ਡੀਐੱਸਪੀਜ਼ ਤਾਇਨਾਤ ਹਨ। ਇਸ ਦੌਰਾਨ 2464 ਵਾਹਨਾਂ ਦੀ ਜਾਂਚ ਕੀਤੀ ਗਈ ਜਿਸ ਦਰੌਾਨ 286 ਚਲਾਨ ਕੱਟੇ ਗਏ ਅਤੇ 9 ਵਾਹਨ ਜ਼ਬਤ ਕੀਤੇ ਗਏ। ਪੁਲਿਸ ਨੇ 4 ਐੱਫਆਈਆਰਜ ਦਰਜ ਕਰਕੇ 9 ਵਿਅਕਤੀਆਂ ਨੂੰ ਕਾਬੂ ਕੀਤਾ। ਓਧਰ ਨਸ਼ਾ ਵਿਰੋਧੀ ਮੁਹਿੰਮ ਦੇ 161ਵੇਂ ਦਿਨ 403 ਥਾਵਾਂ ’ਤੇ ਛਾਪੀਮਾਰੀ ਕਰ ਕੇ 57 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਅਤੇ 8 ਨਸ਼ਾ ਤਸਕਰ ਕਾਬੂ ਕੀਤੇ ਗਏ।



