Punjab

ਪੰਜਾਬ ਪੁਲਿਸ ’ਚ ਭਰਤੀ ਕਰਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ

ਬਠਿੰਡਾ, 15 ਅਗਸਤ : ਪੈਸਾ ਕਮਾਉਣ ਦੀ ਅੰਨੀ ਦੌੜ ’ਚ ਲੱਗੇ ਲੋਕਾਂ ਵੱਲੋਂ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ਅੰਦਰ ਦੋ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ’ਚ ਦੋ ਵਿਅਕਤੀਆਂ ਨੇ ਪੰਜਾਬ ਪੁਲਿਸ ’ਚ ਇੰਸਪੈਕਟਰ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ, ਜਦਕਿ ਦੂਜੇ ਮਾਮਲੇ ’ਚ ਰਾਜਸਥਾਨ ਵਿਚ ਜ਼ਮੀਨ ਅਲਾਟ ਕਰਾਉਣ ਦਾ ਝਾਂਸਾ ਦੇ ਕੇ ਪਤੀ-ਪਤਨੀ ਤੇ ਉਨ੍ਹਾਂ ਦੇ ਪੁੱਤਰ ਨੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਰਾਮ ਸਿੰਘ ਵਾਸੀ ਭੁੱਚੋ ਕਲਾਂ ਨੇ ਦੱਸਿਆ ਕਿ ਬੇਰੁਜ਼ਗਾਰ ਹੋਣ ਕਾਰਨ ਉਹ ਸਰਕਾਰੀ ਨੌਕਰੀ ਲੱਗਣ ਲਈ ਹੱਥ-ਪੈਰ ਮਾਰ ਰਿਹਾ ਸੀ। ਇਸ ਦੌਰਾਨ ਹੀ ਉਸ ਦੀ ਜਾਣ-ਪਛਾਣ ਸੁਖਵੰਤ ਸਿੰਘ ਵਾਸੀ ਪਿੰਡ ਮਹਿਰਾਜ ਤੇ ਹਾਕਮ ਸਿੰਘ ਵਾਸੀ ਪਿੰਡ ਦੀਨਾ ਜ਼ਿਲ੍ਹਾ ਮੋਗਾ ਨਾਲ ਹੋਈ। ਪੀੜਤ ਨੇ ਦੱਸਿਆ ਕਿ ਦੋਵਾਂ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ’ਚ ਚੰਗੀ ਪੈਂਠ ਹੈ, ਜਿਸ ਕਾਰਨ ਉਹ ਉਸ ਨੂੰ ਪੰਜਾਬ ਪੁਲਿਸ ’ਚ ਸਿੱਧਾ ਇੰਸਪੈਕਟਰ ਭਰਤੀ ਕਰਵਾ ਦੇਣਗੇ। ਪੀੜਤ ਨੇ ਦੱਸਿਆ ਕਿ ਪੰਜਾਬ ਪੁਲਿਸ ’ਚ ਇੰਸਪੈਕਟਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 2 ਲੱਖ ਰੁਪਏ ਲੈ ਲਏ, ਪਰ ਜਦੋਂ ਉਸ ਨੇ ਇੰਸਪੈਕਟਰ ਭਰਤੀ ਦਾ ਟੈਸਟ ਦਿੱਤਾ ਤਾਂ ਉਹ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਉਸ ਨੇ ਦੋਵਾਂ ਤੋਂ ਆਪਣੇ ਦੋ ਲੱਖ ਰੁਪਏ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਪੀੜਤ ਨੇ ਦੱਸਿਆ ਕਿ ਪਹਿਲਾਂ ਦੋਵੇਂ ਵਿਅਕਤੀ ਨੂੰ ਲਾਰੇ ਲੱਪੇ ਲਾਉਂਦੇ ਰਹੇ, ਪਰ ਜ਼ਿਆਦਾ ਜ਼ੋਰ ਦੇਣ ’ਤੇ ਉਸਨੂੰ 40,000 ਵਾਪਸ ਕਰ ਦਿੱਤੇ, ਜਦਕਿ ਬਾਕੀ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਤਰ੍ਹਾਂ ਦੋਵਾਂ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਵੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ ਥਾਣਾ ਨੇਹੀਆਂਵਾਲਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਕੁਲਵੰਤ ਸਿੰਘ ਵਾਸੀ ਪਿੰਡ ਜੀਦਾ ਨੇ ਦੱਸਿਆ ਕਿ ਉਸ ਨੇ ਜ਼ਿਲ੍ਹੇ ਅੰਦਰ ਜ਼ਮੀਨ ਖਰੀਦਣ ਦੀ ਸਕੀਮ ਬਣਾਈ ਸੀ, ਪਰ ਇਸ ਦੌਰਾਨ ਹੀ ਬਲਰਾਜ ਸਿੰਘ ਪੁੱਤਰ ਨਛੱਤਰ ਸਿੰਘ ਤੇ ਉਸ ਦੀ ਪਤਨੀ ਰਮਿੰਦਰ ਕੌਰ ਤੇ ਪੁੱਤਰ ਅਭਿਦੀਪ ਸਿੰਘ ਵਾਸੀ ਪਿੰਡ ਸੱਕਾਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਕਿਹਾ ਕਿ ਉਹ ਉਸ ਨੂੰ ਘੱਟ ਰਕਮ ’ਚ ਰਾਜਸਥਾਨ ਅੰਦਰ ਜ਼ਮੀਨ ਅਲਾਟ ਕਰਵਾ ਦੇਣਗੇ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹੀ ਉਕਤ ਵਿਅਕਤੀ ਉਸ ਕੋਲ ਪਿੰਡ ਜੀਦਾ ਆਏ ਤੇ ਉਸ ਤੋਂ 16,14,500 ਰੁਪਏ ਲੈ ਗਏ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਇੱਕੋ ਪਰਿਵਾਰ ਦੇ ਤਿੰਨਾਂ ਵਿਅਕਤੀਆਂ ਨਾਲ ਵਾਰ-ਵਾਰ ਜ਼ਮੀਨ ਅਲਾਟ ਕਰਵਾਉਣ ਲਈ ਗੱਲ ਕਰਦਾ ਰਿਹਾ ਪਰ ਮੁਲਜ਼ਮ ਹਰ ਵਾਰ ਉਸ ਨੂੰ ਲਾਰੇ ਲਾਉਂਦੇ ਰਹੇ। ਪੀੜਤ ਨੇ ਦੱਸਿਆ ਕਿ ਆਖ਼ਰ ਤਿੰਨਾਂ ਨੇ ਉਸ ਦੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਪਤੀ, ਪਤਨੀ ਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।

Related Articles

Leave a Reply

Your email address will not be published. Required fields are marked *

Back to top button