ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਤੇ ਕੇਂਦਰ ਸਰਕਾਰ ਦੇ ਵਿੱਦਿਅਕ ਅਦਾਰਿਆਂ ਨੂੰ ਵੀ ਪਛਾੜਤਾ, ਸਿੱਖਿਆ ਮੰਤਰੀ ਨੇ ਕੀਤਾ ਦਾਅਵਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ੍, 13 ਜੁਲਾਈ : : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ‘ਆਪ’ ਸਰਕਾਰ ਨੇ ਸਕੂਲਾਂ ਵਿਚ ਨਵੇਂ ਕਲਾਸਰੂਮ ਤੇ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਬਣਾਈਆਂ, ਸੁਰੱਖਿਆ ਗਾਰਡ, ਕੈਂਪਸ ਮੈਨੇਜਰ, ਆਵਾਜਾਈ ਸੇਵਾਵਾਂ, ਵਰਦੀਆਂ ਅਤੇ ਕਿਤਾਬਾਂ ਦੀ ਸਮੇਂ ਸਿਰ ਸਪਲਾਈ ਸ਼ੁਰੂ ਕੀਤੀ ਅਤੇ ਸਕੂਲ ਆਫ ਐਮੀਨੈਂਸ ਵਰਗੇ ਕਈ ਸੁਧਾਰ ਕੀਤੇ। ਉਨ੍ਹਾਂ ਕਿਹਾ ਕਿ ‘ਮਿਸ਼ਨ ਸਮਰਥ’ ਤਹਿਤ ਉਨ੍ਹਾਂ ਬੱਚਿਆਂ ਦੀ ਪਛਾਣ ਕੀਤੀ ਗਈ ਜੋ ਆਪਣੀ ਜਮਾਤ ਦੇ ਅਨੁਸਾਰ ਪੜ੍ਹਨ-ਲਿਖਣ ਜਾਂ ਗਣਿਤ ਵਿਚ ਕਮਜ਼ੋਰ ਸਨ। ਭਾਰਤ ਸਰਕਾਰ ਦੇ ਰਾਸ਼ਟਰੀ ਮੁਲਾਂਕਣ ਸਰਵੇਖਣ ਵਿਚ ਪੰਜਾਬ ਨੇ ਪੂਰੇ ਦੇਸ਼ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਪੰਜਾਬ ਨੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ ਸਗੋਂ ਆਪਣੇ ਪਿਛਲੇ ਸਾਰੇ ਰਿਕਾਰਡ ਵੀ ਤੋੜ ਦਿੱਤੇ। ਖਾਸ ਕਰਕੇ, ਤੀਜੀ ਜਮਾਤ ਦੇ ਵਿਦਿਆਰਥੀਆਂ ਨੇ 100 ਵਿੱਚੋਂ 80 ਦਾ ਇਤਿਹਾਸਕ ਸਕੋਰ ਪ੍ਰਾਪਤ ਕੀਤਾ, ਜਦੋਂ ਕਿ ਰਾਸ਼ਟਰੀ ਔਸਤ ਸਿਰਫ 60-65 ਦੇ ਵਿਚਕਾਰ ਸੀ। ਰਾਸ਼ਟਰੀ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਵਿੱਦਿਅਕ ਅਦਾਰਿਆਂ ਨੂੰ ਵੀ ਪਛਾੜ ਦਿੱਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਬਾਲ (ਚਾਈਲਡ) ਮਨੋਵਿਗਿਆਨ ਅਨੁਸਾਰ ਜਦੋਂ ਕੋਈ ਬੱਚਾ ਆਪਣੀ ਮਾਤ ਭਾਸ਼ਾ ਵਿਚ ਮੁਹਾਰਤ ਰੱਖਦਾ ਹੈ, ਤਾਂ ਉਹ ਦੂਜੇ ਵਿਸ਼ਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਹੁੰਦਾ ਹੈ। ਇਸ ਸੋਚ ਦੇ ਤਹਿਤ, ਪੰਜਾਬੀ ਭਾਸ਼ਾ ਵਿਚ ਪੜ੍ਹਨ, ਸਿੱਖਣ ਅਤੇ ਲਿਖਣ ‘ਤੇ ਜ਼ੋਰ ਦਿੱਤਾ ਗਿਆ, ਜਿਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਸੂਬੇ ਦੇ 20,000 ਸਕੂਲਾਂ ਨੂੰ ਸੁਧਾਰਨ ਦਾ ਜਾਰੀ ਹੈ।



