Punjab

ਪੰਜਾਬ ਦੀ ਲੇਡੀ ਸਿੱਧੂ ਮੂਸੇਵਾਲਾ…ਸੋਸ਼ਲ ਮੀਡੀਆ ‘ਤੇ ਵਾਇਰਲ ਕੌਣ ਹੈ ਪਰਮਜੀਤ ਕੌਰ

ਆਵਾਜ਼ ਨੇ ਰਾਤੋ-ਰਾਤ ਬਣਾਇਆ ਸੁਪਰਸਟਾਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ , 3 ਅਕਤੂਬਰ : ਕੋਈ ਗਲੈਮਰ ਨਹੀਂ, ਲਗਜ਼ਰੀ ਗੱਡੀ ਜਾਂ ਕੋਈ ਮਾਡਲ ਵੀ ਨਹੀਂ। ਸਿਰਫ਼ ਆਵਾਜ਼ ਤੇ ਲਿਰਿਕਸ ਦੇ ਬਲਬੂਤੇ ਇਸ ਪੰਜਾਬੀ ਗਾਣੇ ਨੇ ਨੌਜਵਾਨਾਂ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ ਹੈ। ਗਾਣੇ ਦਾ ਨਾਮ ਹੈ ‘ਦੈਟ ਗਰਲ’। (That Girl Song) ਇੰਸਟਾਗ੍ਰਾਮ ‘ਤੇ ਇਸ ਗਾਣੇ ‘ਤੇ ਰੀਲਾਂ ਬਣਾਈਆਂ ਜਾ ਰਹੀਆਂ ਹਨ। ਉੱਥੇ ਹੀ, ਇਸ ਗਾਣੇ ਨੂੰ ਯੂ-ਟਿਊਬ ‘ਤੇ ਹੁਣ ਤਕ 55 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਗਾਣੇ ‘ਚ ਦਿਖਾਈ ਦੇ ਰਹੀ ਗਾਇਕਾ ਇਕ ਸਧਾਰਨ ਪਰਿਵਾਰ ਤੋਂ ਹੈ। ਉਸਦਾ ਨਾਂ ਹੈ- ਪਰਮਜੀਤ ਕੌਰ। ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਪਰਮ ਸ਼ੁਰੂ ਤੋਂ ਹੀ ਗਾਣੇ ਦੀ ਸ਼ੌਕੀਨ ਸੀ। ਪਰਮਜੀਤ ਨੇ ਹੌਲੀ-ਹੌਲੀ ਸੋਸ਼ਲ ਮੀਡੀਆ ‘ਤੇ ਗਾਉਣਾ ਸ਼ੁਰੂ ਕੀਤਾ। ਜਲਦੀ ਹੀ ਪਰਮ ਦੀ ਆਵਾਜ਼ ਨੂੰ ਪਰਵਾਜ਼ ਮਿਲੀ ਤੇ ਦੇਖਦੇ ਹੀ ਦੇਖਦੇ ਇਹ ਲੇਡੀ ਸਿੰਗਰ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਪਰਮਜੀਤ ਦੀ ਪ੍ਰਸਿੱਧੀ ਤੇ ਆਵਾਜ਼ ਦੇ ਬਲਬੂਤੇ ਬ੍ਰਿਟੇਨ ਦੇ ਮਿਊਜ਼ਿਕ ਪ੍ਰੋਡਿਊਸਰ ਮੰਨੀ ਸੰਧੂ ਨੇ ਉਸ ਨਾਲ ਸੰਪਰਕ ਕੀਤਾ ਤੇ ਜਲਦੀ ਹੀ ਦੋਹਾਂ ਵਿਚਕਾਰ ਗਾਣੇ ਨੂੰ ਲੈ ਕੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਗਾਣੇ ਨੂੰ ਰਿਕਾਰਡ ਕੀਤਾ ਗਿਆ ਤੇ ਅੱਜ ਇਹ ਗਾਣਾ ਇੰਟਰਨੈਟ ‘ਤੇ ਧੁੰਮਾਂ ਪਾ ਰਿਹਾ ਹੈ।

ਦਸਵੀਂ ਕਲਾਸ ਤੋਂ ਸੀ ਗਾਣੇ ਦਾ ਸ਼ੌਕ

19 ਸਾਲ ਦੀ ਪਰਮ ਮੋਗਾ ਦੇ ਦੁਨਕੇ ਪਿੰਡ ਦੀ ਰਹਿਣ ਵਾਲੀ ਹੈ। ਪਰਮ ਇਕ ਸਧਾਰਨ ਪਰਿਵਾਰ ਨਾਲ ਤਾਅੱਲੁਕ ਰੱਖਦੀ ਹੈ, ਜਿੱਥੇ ਉਸਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਮਾਂ ਘਰਾਂ ‘ਚ ਸਾਫ਼-ਸਫਾਈ ਦਾ ਕੰਮ ਕਰਦੀ ਹੈ। ਪਰਮ ਜਦੋਂ ਦਸਵੀਂ ਕਲਾਸ ‘ਚ ਸੀ, ਉਦੋਂ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਕ ਸੀ। ਪਰਮ ਨੇ ਮਿਊਜ਼ਿਕ ਵਿਸ਼ੇ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਹ ਕਾਲਜ ‘ਚ ਆਪਣੇ ਦੋਸਤਾਂ ਨਾਲ ਫ੍ਰੀ ਸਟਾਈਲ ਰੈਪ ਕਰਦੀ ਸੀ, ਜਿਸਦੀ ਵੀਡੀਓ ਉਹ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਸੀ। ਇਸ ਤਰ੍ਹਾਂ ਜਲਦੀ ਹੀ ਉਸ ਦੀਆਂ ਵੀਡੀਓਜ਼ ਨੂੰ ਯੂਜ਼ਰਜ਼ ਵੱਲੋਂ ਪਸੰਦ ਕੀਤਾ ਜਾਣ ਲੱਗਾ ਤੇ ਦੇਖਦੇ ਹੀ ਦੇਖਦੇ ਉਹ ਲੋਕਾਂ ‘ਚ ਮਸ਼ਹੂਰ ਹੋਣ ਲੱਗੀ।

‘ਦੈਟ ਗਰਲ’ ਗਾਣਾ ਕਿਵੇਂ ਰਿਕਾਰਡ ਹੋਇਆ?

ਮਿਊਜ਼ਿਕ ਪ੍ਰੋਡਿਊਸਰ ਮੰਨੀ ਸੰਧੂ ਜਦੋਂ ਭਾਰਤ ਆਏ ਤਾਂ ਉਨ੍ਹਾਂ ਦੀ ਮੁਲਾਕਾਤ ਪਰਮ ਨਾਲ ਹੋਈ। ਇੱਥੇ ਉਨ੍ਹਾਂ ‘ਦੈਟ ਗਰਲ’ ਗਾਣਾ ਸ਼ੂਟ ਕਰਨ ਦੀ ਯੋਜਨਾ ਬਣਾਈ। ਪਰ ਕੋਈ ਸਟੂਡੀਓ ਨਾ ਹੋਣ ਕਾਰਨ ਉਨ੍ਹਾਂ ਲਈ ਇਹ ਵੱਡੀ ਸਮੱਸਿਆ ਸੀ ਕਿ ਇਸ ਗਾਣੇ ਨੂੰ ਸ਼ੂਟ ਕਿਵੇਂ ਕੀਤਾ ਜਾਵੇ। ਮੋਹਾਲੀ ‘ਚ ਸ਼ੂਟ ਹੋਇਆ ਗਾਣਾ: ਕਾਫੀ ਸੋਚ-ਵਿਚਾਰ ਤੋਂ ਬਾਅਦ ਇਸ ਗਾਣੇ ਨੂੰ ਮੋਹਾਲੀ ਦੇ ਇਕ ਸਧਾਰਨ ਕਮਰੇ ‘ਚ ਸ਼ੂਟ ਕੀਤਾ ਗਿਆ। ਬਾਹਰੋਂ ਟ੍ਰੈਫਿਕ ਤੇ ਹਾਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਪਰ ਕਿਸੇ ਤਰ੍ਹਾਂ ਇਹ ਗਾਣਾ ਸ਼ੂਟ ਕਰਨਾ ਹੀ ਸੀ। ਨਾ ਕੋਈ ਆਡੀਓ ਆਪਰੇਟਰ, ਨਾ ਕੋਈ ਸਟੂਡੀਓ, ਨਾ ਕੋਈ ਹਾਈ ਟੈੱਕ ਮਸ਼ੀਨ… ਸਿਰਫ਼ ਇਕ ਲੈਪਟਾਪ ਤੇ ਮਾਈਕ ਜ਼ਰੀਏ ਸਿਰਫ਼ 10 ਮਿੰਟ ‘ਚ ਇਹ ਗਾਣਾ ਸ਼ੂਟ ਕੀਤਾ ਗਿਆ ਤੇ ਅੱਜ ਇਸ ਗਾਣੇ ਜ਼ਰੀਏ ਪਰਮ ਉੱਚਾਈਆਂ ਛੂਹ ਰਹੀ ਹੈ।ਆਪਣੇ ਲਿਰਿਕਸ ਤੇ ਆਵਾਜ਼ ਦੇ ਬਲਬੂਤੇ ਪਰਮ ਨੂੰ ਲੇਡੀ ਸਿੱਧੂ ਮੂਸੇਵਾਲਾ ਕਿਹਾ ਜਾ ਰਿਹਾ ਹੈ। ਪਰਮ ਅੱਜ ਨਾ ਸਿਰਫ਼ ਇਕ ਸਟਾਰ ਦੇ ਤੌਰ ‘ਤੇ ਉਭਰੀ ਹੈ, ਬਲਕਿ ਲੱਖਾਂ ਉਭਰਦੇ ਗਾਇਕਾਂ ਲਈ ਪ੍ਰੇਰਨਾਸ੍ਰੋਤ ਵੀ ਬਣ ਗਈ ਹੈ।

Related Articles

Leave a Reply

Your email address will not be published. Required fields are marked *

Back to top button