ਪੰਜਾਬ ’ਚ ਮਿਲਿਆ ਪੋਟਾਸ਼ ਦਾ ਭੰਡਾਰ, ਕੇਂਦਰ ਡ੍ਰਿਲਿੰਗ ਕਰਵਾਉਣ ਲਈ ਗੰਭੀਰ ਨਹੀਂ, ਪੰਜਾਬ ਦੇ ਖਣਨ ਮੰਤਰੀ ਨੇ ਲਾਏ ਦੋਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਮਈ- ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿਆਂ ਵਿਚ ਕਰੀਬ 202.45 ਮਿਲੀਅਨ ਟਨ ਪੋਟਾਸ਼ ਦੇ ਸਰੋਤ ਲੱਭੇ ਗਏ ਹਨ ਪਰ ਕੇਂਦਰ ਸਰਕਾਰ ਪੋਟਾਸ਼ ਦੀ ਡ੍ਰਿਲਿੰਗ ਕਰਵਾਉਣ ਲਈ ਗੰਭੀਰ ਨਹੀਂ ਹੈ। ਕੇਂਦਰ ਸਰਕਾਰ ਦੀ ਉਦਾਸੀਨਤਾ ’ਤੇ ਪੰਜਾਬ ਸਰਕਾਰ ਕਾਫ਼ੀ ਖਫ਼ਾ ਹੈ। ਸੂਬੇ ਦੇ ਖਣਨ ਅਤੇ ਜਲ ਸ੍ਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕੇਂਦਰੀ ਖਣਨ ਮੰਤਰੀ ਕ੍ਰਿਸ਼ਨਾ ਰੈਡੀ ਤੋਂ ਮੀਟਿੰਗ ਲਈ ਸਮਾਂ ਮੰਗ ਰਹੇ ਹਨ ਪਰ ਕੇਂਦਰੀ ਮੰਤਰੀ ਸਮਾਂ ਨਹੀਂ ਦੇ ਰਹੇ। ਉਨ੍ਹਾਂ ਕੇਦਰ ਸਰਕਾਰ ’ਤੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਦੇ ਪੈਸੇ ਰੋਕਣ ਅਤੇ ਪਾਣੀ ਦੇ ਮਸਲਿਆਂ ’ਤੇ ਸਿੱਧੀ ਦਖਲ-ਅੰਦਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਗੋਇਲ ਅਨੁਸਾਰ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿਆਂ ਵਿਚ ਪੋਟਾਸ਼ ਦੇ ਭੰਡਾਰ ਮਿਲੇ ਹਨ। ਇਨ੍ਹਾਂ ਵਿਚ ਪੋਟਾਸ਼ ਦੀ ਅਸਲ ਮਾਤਰਾ ਹੋਰ ਥਾਵਾਂ ‘ਤੇ ਡ੍ਰਿਲਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪਛਾਣੀਆਂ ਗਈਆਂ ਚਾਰ ਥਾਵਾਂ ਅਤੇ ਨੌਂ ਥਾਵਾਂ ‘ਤੇ ਕੀਤੀ ਗਈ ਡ੍ਰਿਲਿੰਗ ਦੇ ਆਧਾਰ ‘ਤੇ ਵੱਡੀ ਮਾਤਰਾ ਵਿਚ ਪੋਟਾਸ਼ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਢਾਈ ਮਹੀਨੇ ਪਹਿਲਾਂ ਦੇਸ਼ ਦੇ ਸਾਰੇ ਰਾਜਾਂ ਦੇ ਖਣਨ ਮੰਤਰੀਆਂ ਦੀ ਮੀਟਿੰਗ ਉੜੀਸਾ ਵਿਚ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਕੇਂਦਰੀ ਖਣਨ ਮੰਤਰੀ ਕ੍ਰਿਸ਼ਨਾ ਰੈਡੀ ਕੋਲ ਇਹ ਮੁੱਦਾ ਉਠਾਇਆ ਸੀ।ਗੋਇਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਤਾਂ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਨਾਲ ਮੀਟਿੰਗ ਕਰਨਗੇ ਤੇ ਸਬੰਧਤ ਥਾਵਾਂ ਦਾ ਦੌਰਾ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਉਹ ਸਮਾਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਪੋਟਾਸ਼ ਮੂਲ ਰੂਪ ਵਿਚ ਆਯਾਤ ਕੀਤਾ ਜਾਂਦਾ ਹੈ, ਜੇਕਰ ਅਸੀਂ ਭੰਡਾਰ ਲੱਭ ਲਏ ਹਨ ਤਾਂ ਅਸੀਂ ਇਸ ਦੀ ਖੁਦਾਈ ਕਿਉਂ ਨਹੀਂ ਕਰ ਸਕਦੇ। ਪੰਜਾਬ ਦੇ ਮਾਈਨਿੰਗ ਮੰਤਰੀ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਅਤੇ ਮੁਕਤਸਰ ਵਿਚ ਪੋਟਾਸ਼ ਦੇ ਵੱਡੇ ਭੰਡਾਰ ਲੱਭੇ ਗਏ ਹਨ ਪਰ ਨਾ ਤਾਂ ਇਸ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੇਂਦਰੀ ਮੰਤਰੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਖਾਦ ਲਈ ਪੋਟਾਸ਼ ਦੀ ਲੋੜ ਹੁੰਦੀ ਹੈ ਅਤੇ ਇਸ ਦਾ 99 ਪ੍ਰਤੀਸ਼ਤ ਕੈਨੇਡਾ, ਬੇਲਾਰੂਸ, ਇਜ਼ਰਾਈਲ ਆਦਿ ਤੋਂ ਆਯਾਤ ਕੀਤਾ ਜਾਂਦਾ ਹੈ। ਹੁਣ ਜਦੋਂ ਫਾਜ਼ਿਲਕਾ ਵਿਚ ਇਸ ਦੇ ਭੰਡਾਰ ਲੱਭੇ ਗਏ ਹਨ, ਤਾਂ ਅਸੀਂ ਇਸ ਨੂੰ ਕੱਢ ਕੇ ਆਪਣੇ ਆਯਾਤ ਬਿੱਲ ਨੂੰ ਘਟਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਬੀਕਾਨੇਰ, ਚੁਰੂ ਸਮੇਤ ਕੁਝ ਹੋਰ ਥਾਵਾਂ ‘ਤੇ ਵੀ ਪੋਟਾਸ਼ ਦੇ ਭੰਡਾਰ ਮਿਲੇ ਹਨ, ਜਿੱਥੇ ਕੇਂਦਰ ਸਰਕਾਰ ਨੇ 58 ਥਾਵਾਂ ‘ਤੇ ਡ੍ਰਿਲਿੰਗ ਕੀਤੀ ਹੈ ਪਰ ਪੰਜਾਬ ਵਿਚ ਸਿਰਫ਼ ਨੌਂ ਥਾਵਾਂ ‘ਤੇ ਹੀ ਡ੍ਰਿਲਿੰਗ ਕੀਤੀ ਗਈ ਹੈ ਅਤੇ ਅਸੀਂ ਇਸ ਨੂੰ ਵਧਾਉਣ ਦੀ ਲਗਾਤਾਰ ਮੰਗ ਕਰ ਰਹੇ ਹਾਂ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਕਬਰਵਾਲਾ ਬਲਾਕ ਵਿਚ 5.98 ਮਿਲੀਅਨ ਟਨ ਪੋਟਾਸ਼ ਦਾ ਸਰੋਤ ਖੋਜਿਆ ਗਿਆ ਹੈ, ਜਿਸ ਦਾ ਔਸਤ ਗ੍ਰੇਡ 3.90 ਪ੍ਰਤੀਸ਼ਤ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਸ਼ੇਰੇਵਾਲਾ-ਸ਼ੇਰਗੜ੍ਹ-ਕਿੱਕਰਵਾਲੀ ਖੇਤਰ ਵਿਚ 4.69 ਦੇ ਔਸਤ ਗ੍ਰੇਡ ਦੇ ਨਾਲ 194.58 ਮਿਲੀਅਨ ਟਨ ਅਤੇ ਫਾਜ਼ਿਲਕਾ ਦੇ ਡਾਲਮੀਰਖੇੜਾ ਬਲਾਕ ਵਿਚ 3.42 ਪ੍ਰਤੀਸ਼ਤ ਦੇ ਔਸਤ ਗ੍ਰੇਡ ਦੇ ਨਾਲ 202.45 ਮਿਲੀਅਨ ਟਨ ਪੋਟਾਸ਼ ਸਰੋਤ ਲੱਭੇ ਗਏ ਹਨ।



