
ਮੋਗਾ, 12 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਤੇ ਇਸਦੇ ਸਰੋਤਾਂ ਦੀ ਲੁੱਟ ਰੋਕਣ ਵਾਸਤੇ ਇਕਜੁੱਟ ਹੋਣ ਅਤੇ ਉਨ੍ਹਾਂ ਪੰਜਾਬ ’ਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਅਤੇ ਫਿਰੌਤੀਆਂ ਤੇ ਮਿੱਥ ਕੇ ਕਤਲ ਕਰਨ ਦੇ ਮਾਮਲਿਆਂ ’ਚ ਚੋਖੇ ਵਾਧੇ ਲਈ ‘ਆਪ’ ਕਨਵੀਨਰ ਨੂੰ ਜ਼ਿੰਮੇਵਾਰ ਠਹਿਰਾਇਆ। ਮੋਗਾ ’ਚ ਡਾ. ਅਨਿਲਜੀਤ ਸਿੰਘ ਕੰਬੋਜ, ਜੋ ਕਿ ਗੈਂਗਸਟਰਾਂ ਦੀ ਗੋਲ਼ੀਬਾਰੀ ’ਚ ਗੰਭੀਰ ਜ਼ਖ਼ਮੀ ਹੋ ਗਏ ਸਨ, ਦਾ ਹਾਲ-ਚਾਲ ਪੁੱਛਣ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸਨ। ਡਾ. ਕੰਬੋਜ, ਜੋ ਪੰਜਾਬੀ ਫਿਲਮੀ ਅਦਾਕਾਰਾ ਤਾਨੀਆ ਦੇ ਪਿਤਾ ਹਨ, ਦਾ ਇਥੇ ਇਕ ਹਸਪਤਾਲ ’ਚ ਇਲਾਜ ਚਲ ਰਿਹਾ ਹੈ। ਬਾਦਲ ਨੇ ਡਾ. ਕੰਬੋਜ ਦਾ ਹਾਲ-ਚਾਲ ਪੁੱਛਦਿਆਂ ਉਨ੍ਹਾਂ ਨੂੰ ਭਰੋਸਾ ਦਿਆਇਆ ਕਿ ਅਕਾਲੀ ਦਲ ਉਨ੍ਹਾਂ ਨਾਲ ਹੈ ਅਤੇ ਉਨ੍ਹਾਂ ਲਈ ਨਿਆਂ ਹਾਸਲ ਕਰਨ ਵਾਸਤੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬੀ ਕਾਨੂੰਨ ਹੀਣਤਾ ਭੋਗ ਰਹੇ ਹਨ, ਜਦਕਿ ਕੇਜਰੀਵਾਲ ਅਸਿੱਧੇ ਤੌਰ ’ਤੇ ਸੂਬਾ ਚਲਾ ਰਹੇ ਹਨ ਤੇ ਸਿਰਫ ਪੈਸੇ ਇਕੱਠੇ ਕਰਨ ’ਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮਿੱਥ ਕੇ ਕਤਲ ਕਰਨ ਦੇ ਮਾਮਲਿਆਂ ’ਚ ਚੋਖਾ ਵਾਧਾ ਹੋ ਗਿਆ ਹੈ ਤੇ ਪ੍ਰਸਿੱਧ ਵਪਾਰੀ ਸੰਜੇ ਵਰਮਾ ਦਾ ਅਬੋਹਰ ’ਚ ਕਤਲ ਕਰ ਦਿੱਤਾ ਗਿਆ। ਸੁਖਬੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਤੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਦਾ ਕਾਨੂੰਨ ਵਿਵਸਥਾ ਕਾਇਮ ਰੱਖਣ ਦਾ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਮੁੱਦਈ ਰਿਹਾ ਹੈ ਤੇ ਅਸੀਂ ਆਪਣੀਆਂ ਸਰਕਾਰਾਂ ਵੇਲੇ ਇਹ ਸੱਚਾਈ ਸਾਬਤ ਵੀ ਕਰ ਕੇ ਵਿਖਾਈ। ਉਨ੍ਹਾਂ ਕਿਹਾ ਕਿ ਹਾਲਾਤ ਇਸ ਕਦਰ ਵਿਗੜ ਗਏ ਹਨ ਤੇ ਇੰਨਾ ਹੇਠਾਂ ਡਿੱਗ ਗਏ ਹਨ ਕਿ ਪੰਜਾਬ ਨੂੰ ਦਿੱਲੀ ਤੋਂ ਰਿਮੋਰਟ ਨਾਲ ਚਲਾਇਆ ਜਾ ਰਿਹਾ ਹੈ।



