
ਚੰਡੀਗੜ੍ਹ, 16 ਮਾਰਚ-ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਸਰਹੱਦੀ ਇਲਾਕਿਆਂ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਹੋ ਰਹੀ ਕਾਰਵਾਈ ਕਾਰਨ ਪੂਰੀ ਤਰ੍ਹਾਂ ਬੁਖ਼ਲਾਈ ਹੋਈ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਾ ਤਸਕਰਾਂ ‘ਤੇ ਲਗਾਤਾਰ ਹੋ ਰਹੀ ਕਾਰਵਾਈ ਦਾ ਸਿੱਧਾ ਨੁਕਸਾਨ ਪਾਕਿਸਤਾਨ ਨੂੰ ਹੋ ਰਿਹਾ ਹੈ। ਇਸ ਕਾਰਵਾਈ ਕਾਰਨ ਪਾਕਿਸਤਾਨ ਦੇ ਨਸ਼ੇ ਦੇ ਵਪਾਰ ਨੂੰ ਵਧਾਉਣ ਲਈ ਹੁਣ ਪੰਜਾਬ ‘ਚ ਲੋਕ ਨਹੀਂ ਮਿਲ ਰਹੇ। ਆਈਐਸਆਈ ਇਸ ਬੁਖ਼ਲਾਹਟ ‘ਚ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਛੋਟੇ-ਮੋਟੇ ਧਮਾਕਿਆਂ ਤੇ ਹੋਰ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਕਰ ਕੇ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ ਤਾਂ ਜੋ ਏਜੰਸੀਆਂ ਦਾ ਧਿਆਨ ਭਟਕੇ ਤੇ ਨਸ਼ੇ ਦਾ ਕਾਰੋਬਾਰ ਫਿਰ ਤੋਂ ਵਧ ਸਕੇ।
ਨੌਜਵਾਨਾਂ ਨੂੰ ਇਨ੍ਹਾਂ ਚੀਜ਼ਾਂ ਦਾ ਲਾਲਚ ਦੇ ਰਹੇ ਹਨ ਅੱਤਵਾਦੀ
ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਪੰਜਾਬ ‘ਚ ਨਸ਼ੇੜੀ ਨੌਜਵਾਨਾਂ ਨੂੰ ਵਿਦੇਸ਼ ਭੇਜਣ, ਪੈਸੇ ਤੇ ਨਸ਼ੇ ਦਾ ਲਾਲਚ ਦੇ ਰਹੇ ਹਨ। ਨੌਜਵਾਨ ਇਸ ਲਾਲਚ ‘ਚ ਆ ਕੇ ਅੱਤਵਾਦੀਆਂ ਦੇ ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਨੂੰ ਹੈਂਡਲਰਾਂ ਤਕ ਪਹੁੰਚਾਉਣ ਤੇ ਧਮਾਕਿਆਂ ਨੂੰ ਅੰਜਾਮ ਦੇਣ ਦਾ ਕੰਮ ਕਰ ਰਹੇ ਹਨ। ਪਿਛਲੇ ਸਾਲ ਤੋਂ ਹੁਣ ਤਕ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਲਈ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਨਸ਼ੇੜੀ, ਬੇਰੁਜ਼ਗਾਰ ਸਨ ਤੇ ਉਨ੍ਹਾਂ ਨੂੰ ਹੈਂਡਲਰਾਂ ਨੇ ਆਪਣੇ ਕੰਮ ਦੇ ਬਦਲੇ ਪੈਸੇ ਦੇਣ ਜਾਂ ਵਿਦੇਸ਼ ‘ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ। ਵਿਦੇਸ਼ਾਂ ‘ਚ ਬੈਠੇ ਹੈਂਡਲਰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਦੇ ਬਾਰਡਰ ਖੇਤਰ ‘ਚ ਸਥਾਨਕ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਪੰਜਾਬ ਪੁਲਿਸ ਨੇ ਹਾਲ ਹੀ ‘ਚ ਇਕ ਗਿਰੋਹ ਦੇ ਦੋ ਲੋਕਾਂ ਨੂੰ ਫੜਿਆ ਸੀ। ਪੁੱਛਗਿੱਛ ਵਿਚ ਉਨ੍ਹਾਂ ਨੇ ਇਸ ਨੈੱਟਵਰਕ ਦਾ ਖੁਲਾਸਾ ਕੀਤਾ।
ਇਕ ਤੋਂ ਬਾਅਦ ਇਕ ਵਧਿਆ ਤਸਕਰੀ ਦਾ ਸਿਲਸਿਲਾ
ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਿਲਸਿਲਾ ਪਿਛਲੇ ਤਿੰਨ-ਚਾਰ ਸਾਲ ਤੋਂ ਚੱਲ ਰਿਹਾ ਹੈ। ਪਰ ਹੁਣ ਇਕ ਤੋਂ ਬਾਅਦ ਇਕ ਮਾਮਲੇ ਬਹੁਤ ਵਧ ਗਏ ਹਨ। ਉਨ੍ਹਾਂ ਦੱਸਿਆ ਕਿ 2022 ‘ਚ ਪਠਾਨਕੋਟ ਗ੍ਰੇਨੇਡ ਧਮਾਕੇ ‘ਚ ਐਸਬੀਐਸ ਨਗਰ ਪੁਲਿਸ ਵੱਲੋਂ ਪਛਾਣੇ ਗਏ 6 ਸ਼ੱਕੀਆਂ ‘ਚ ਪਾਕਿਸਤਾਨ ਸਥਿਤ ਕੌਮਾਂਤਰੀ ਯੂਥ ਸਿੱਖ ਫੈਡਰੇਸ਼ਨ (ਆਈਵਾਈਐਸਐਫ) ਦਾ ਮੁਖੀ ਲਖਬੀਰ ਸਿੰਘ ਰੋਡੇ ਵੀ ਸ਼ਾਮਲ ਸੀ। ਉਹ ਇਸ ਘਟਨਾ ਦਾ ਮਾਸਟਰਮਾਈਂਡ ਸੀ। ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਚਾਰ ਹੋਰ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ। ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗੁਰਦਾਸਪੁਰ ਦੇ ਖਰਲ ਪਿੰਡ ਦੇ 30 ਸਾਲਾ ਗੁਰਵਿੰਦਰ ਸਿੰਘ ਨੂੰ ਦੁਬਈ ‘ਚ ਨੌਕਰੀ ਦੇਣ ਦਾ ਝਾਂਸਾ ਦਿੱਤਾ ਗਿਆ ਸੀ।
ਗਰੀਬ ਨੌਜਵਾਨਾਂ ਨੂੰ ਬਣਾਇਆ ਜਾਂਦਾ ਹੈ ਨਿਸ਼ਾਨਾ
ਇਸੇ ਤਰ੍ਹਾਂ ਸੀਆਈਏ ਥਾਣੇ ਦੇ ਮਾਮਲੇ ‘ਚ ਲੁਧਿਆਣਾ ਦੇ ਕੁਲਦੀਪ ਕੁਮਾਰ ਉਰਫ਼ ਸੰਨੀ ਤੋਂ ਇਲਾਵਾ ਮਾਡਿਊਲ ਦੇ ਬਾਕੀ ਮੈਂਬਰ ਆਮ ਨੌਜਵਾਨ ਸਨ, ਜਿਨ੍ਹਾਂ ਨੂੰ ਪਿਛਲੇ ਸਾਲ 7 ਨਵੰਬਰ ਨੂੰ ਐਸਬੀਐਸ ਨਗਰ ਵਿਚ ਗ੍ਰੇਨੇਡ ਹਮਲੇ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ। ਜਾਂਚ ਵਿਚ ਪਾਇਆ ਗਿਆ ਕਿ ਸੰਨੀ ਨੇ ਨਿੱਜੀ ਸੰਬੰਧਾਂ ਜਾਂ ਦੂਰ ਦੀ ਦੋਸਤੀ ਦਾ ਇਸਤੇਮਾਲ ਕਰ ਕੇ ਸਥਾਨਕ ਨੌਜਵਾਨਾਂ ਨੂੰ ਫੁਸਲਾਇਆ ਤੇ ਉਨ੍ਹਾਂ ਦੀ ਭੂਮਿਕਾ ਅਨੁਸਾਰ ਪੈਸੇ ਵੰਡੇ ਸਨ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਸਾਰੇ ਖਾਲਿਸਤਾਨ ਬਾਰੇ ਜ਼ਿਆਦਾ ਨਹੀਂ ਜਾਣਦੇ ਸਨ। ਸੰਨੀ ਨੂੰ 15 ਹਜ਼ਾਰ ਤੋਂ 1 ਲੱਖ ਰੁਪਏ ਤਕ ਦੇਣ ਦਾ ਲਾਲਚ ਦਿੱਤਾ ਗਿਆ ਸੀ।
ਜ਼ਿਆਦਾਤਰ ਨੌਜਵਾਨ ਨਸ਼ੇੜੀ ਤੇ ਬੇਰੁਜ਼ਗਾਰ
19 ਸਾਲਾ ਰਮਨ ਕੁਮਾਰ ਨਸ਼ੇ ਦਾ ਆਦੀ ਸੀ, ਉਸ ਨੂੰ ਆਤੰਕੀ ਮਾਡਿਊਲ ‘ਚ ਸ਼ਾਮਲ ਹੋਣ ਲਈ ਸਿਰਫ਼ 12 ਹਜ਼ਾਰ ਰੁਪਏ ਹੀ ਦਿੱਤੇ ਗਏ ਸਨ। ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਮੁਤਾਬਕ, ਹੁਣ ਤਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਨੌਜਵਾਨ ਨਸ਼ੇੜੀ ਅਤੇ ਬੇਰੁਜ਼ਗਾਰ ਹਨ। ਹਾਲਾਂਕਿ, ਨੌਜਵਾਨ ਇਸ ਤਰ੍ਹਾਂ ਦੇ ਮਾਮਲਿਆਂ ‘ਚ ਨਾ ਫਸਣ ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਤੇ ਸਰਹੱਦੀ ਜ਼ਿਲ੍ਹਿਆਂ ‘ਚ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਾਕਿਸਤਾਨੀ ਏਜੰਸੀ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਭੜਕਾ ਕੇ ਅਜਿਹੇ ਕੰਮ ਕਰਵਾ ਰਹੀ ਹੈ। ਪਿਛਲੇ ਸੁਲਝੇ ਮਾਮਲਿਆਂ ‘ਚ ਵੀ ਸਾਫ਼ ਹੋਇਆ ਕਿ ਆਈਐਸਆਈ ਵੀਕਰ ਸੈਕਸ਼ਨ ਨੂੰ ਟਾਰਗੇਟ ਕਰ ਰਹੀ ਹੈ। ਉਨ੍ਹਾਂ ਜ਼ਰੀਏ ਇਨ੍ਹਾਂ ਧਮਾਕਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਦਾ ਫੈਲਾਇਆ ਨਸ਼ੇ ਦਾ ਕਾਰੋਬਾਰ ਹੁਣ ਨਹੀਂ ਪਨਪੇਗਾ, ਇਹ ਅੱਗੇ ਵੀ ਅਜਿਹੀਆਂ ਹਰਕਤਾਂ ਕਰਨਗੇ। ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਾਨੂੰ ਸਰਕਾਰ ਵੱਲੋਂ ਪੂਰੀ ਛੂਟ ਹੈ ਕਿ ਇਨ੍ਹਾਂ ਦੇ ਪੈਰ ਪੰਜਾਬ ‘ਚ ਹੁਣ ਜੰਮਣ ਨਹੀਂ ਦੇਣੇ।



