ਪੰਜਾਬੀ ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਖੁਦ ਕਰਨਗੇ ਪੇਪਰਾਂ ਦੀ ਚੈਕਿੰਗ
ਵਿਦਿਆਰਥੀਆਂ ਦੀ ਖੱਜਲ-ਖੁਆਰੀ ਨੂੰ ਦੇਖਦੇ ਹੋਏ ਕੀਤੀ ਪਹਿਲ

ਪਟਿਆਲਾ, 25 ਮਈ- ਪ੍ਰੀਖਿਆਵਾਂ ਦੇ ਨਤੀਜੇ ਐਲਾਨਣ ’ਚ ਹੋ ਰਹੀ ਦੇਰੀ ਕਾਰਨ ਵਿਦਿਆਰਥੀਆਂ ਦੀ ਖੱਜਲ-ਖੁਆਰੀ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਨਵਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਪੇਪਰ ਚੈੱਕ ਕਰਨ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਹੁਦਾ ਸੰਭਾਲਣ ਮਗਰੋਂ ਪ੍ਰੀਖਿਆ ਸ਼ਾਖਾ ਨਾਲ ਕੀਤੀ ਅਹਿਮ ਬੈਠਕ ’ਚ ਵੀਸੀ ਡਾ. ਸਿੰਘ ਨੇ ਇਹ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਖਿਆ ਸ਼ਾਖਾ ਨੂੰ ਹੁਕਮ ਦਿੱਤਾ ਹੈ ਕਿ 2024 ਦੇ ਜੋ ਨਤੀਜੇ ਐਲਾਨੇ ਨਹੀਂ ਗਏ ਹਨ, ਉਹ ਕੰਮ ਵੀ ਛੇਤੀ ਪੂਰਾ ਕੀਤਾ ਜਾਵੇ। ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਤੀਜਿਆਂ ਬਾਰੇ ਪ੍ਰੀਖਿਆ ਸ਼ਾਖਾ ਨਾਲ ਮੀਟਿੰਗ ਹੋ ਚੁੱਕੀ ਹੈ। ਅਧਿਕਾਰੀਆਂ ਨੂੰ ਨਤੀਜੇ ਐਲਾਨਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਪੂਰੀ ਟੀਮ ਨਤੀਜੇ ਤਿਆਰ ਕਰਨ ’ਚ ਲੱਗ ਗਈ ਹੈ। ਵਿਦਿਆਰਥੀਆਂ ਨੂੰ ਹੁਣ ਨਤੀਜਿਆਂ ਲਈ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ। ਪ੍ਰੋ. ਜਗਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਾ ਜੀਵ ਵਿਗਿਆਨ ਹੈ ਤੇ ਉਹ ਖ਼ੁਦ ਸਵੈਇੱਛਾ ਨਾਲ ਜੀਵ ਵਿਗਿਆਨ ਵਿਸ਼ੇ ਦੀਆਂ ਪ੍ਰੀਖਿਆਵਾਂ ਦੇ ਪੇਪਰ ਚੈੱਕ ਕਰਨਗੇ ਤਾਂ ਜੋ ਨਤੀਜੇ ਛੇਤੀ ਆ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਯੂਨੀਵਰਸਿਟੀ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਇਕ-ਇਕ ਕਰਕੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।



