
ਪਟਿਆਲਾ, 5 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਚ ਦੁਪਹਿਰ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਕਲਾਸ ਵਿਚ ਵਿਦਿਆਰਥੀ ਨੇ ਪ੍ਰੋਫੈਸਰ ਦਾ ਸਟੂਲ ਮਾਰ ਕੇ ਸਿਰ ਪਾੜ ਦਿੱਤਾ। ਹਮਲੇ ਤੋਂ ਬਾਅਦ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਿਆ ਤੇ ਜ਼ਖਮੀ ਪ੍ਰੋਫੈਸਰ ਨੂੰ ਹੋਰ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੀ ਡਿਸਪੈਂਸਰੀ ਵਿਚ ਦਾਖਲ ਕਰਵਾਇਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੰਪਿਊਟਰ ਸਾਇੰਸ ਵਿਭਾਗ ਵਿਚ ਪ੍ਰੀਖਿਆ ਚੱਲ ਰਹੀ ਸੀ ਜਿੱਥੇ ਸਹਾਇਕ ਪ੍ਰੋਫੈਸਰ ਡਾ. ਲਾਲ ਚੰਦ ਡਿਊਟੀ ’ਤੇ ਸਨ। ਇਸ ਦੌਰਾਨ ਇਕ ਵਿਦਿਆਰਥੀ ਕਲਾਸ ਵਿਚ ਆ ਕੇ ਬੈਠ ਗਿਆ। ਪ੍ਰੋਫੈਸਰ ਵੱਲੋਂ ਪੁੱਛੇ ਜਾਣ ’ਤੇ ਵਿਦਿਆਰਥੀ ਨੇ ਪੇਪਰ ਦੇਣ ਲਈ ਕਿਹਾ ਪਰ ਤੈਅ ਸਮੇਂ ਤੋਂ ਦੇਰੀ ਨਾਲ ਪੁੱਜਣ ’ਤੇ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਪੇਪਰ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਮੁੜ ਇਹ ਵਿਦਿਆਰਥੀ ਕਲਾਸ ਵਿਚ ਆਇਆ ਤੇ ਲੋਹੇ ਦਾ ਸਟੂਲ ਚੱਕੇ ਪ੍ਰੋਫੈਸਰ ਦੇ ਸਿਰ ਵਿਚ ਮਾਰ ਕੇ ਭੱਜ ਗਿਆ। ਜ਼ਖਮੀ ਹਾਲਤ ਵਿਚ ਸਰਕਾਰੀ ਰਜਿੰਦਰਾ ਸਹਪਤਾਲ ਵਿਚ ਦਾਖਲ ਹੋਏ ਪ੍ਰੋਫੈਸਰ ਸਬੰਧੀ ਥਾਣਾ ਅਰਬਨ ਅੁਸਟੇਟ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਜ਼ੇਰੇ ਇਲਾਜ ਪ੍ਰੋਫੈਸਰ ਡਾ. ਲਾਲ ਚੰਦ ਨੇ ਦੱਸਿਆ ਕਿ ਉਹ ਕੰਪਿਊਟਰ ਸਾਇੰਸ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਹਨ। ਵਿਭਾਗ ਵਿਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ ਤਹਿਤ ਉਨ੍ਹਾਂ ਦੀ ਵੀ ਪ੍ਰੀਖਿਆ ਡਿਊਟੀ ਲੱਗੀ ਹੋਈ ਸੀ। ਮੰਗਲਵਾਰ ਸਵੇਰੇ ਪੇਪਰ ਸ਼ੁਰੂ ਹੋਣ ਤੋਂ ਬਾਅਦ ਇਕ ਵਿਦਿਆਰਥੀ ਕਲਾਸ ਵਿਚ ਆ ਕੇ ਬੈਠ ਗਿਆ। ਪ੍ਰੋਫੈਸਰ ਨੇ ਦੱਸਿਆ ਕਿ ਵਿਦਿਆਰਥੀ ਪੇਪਰ ਸਮੇਂ ਤੋਂ ਕਰੀਬ 22 ਮਿੰਟ ਦੇਰੀ ਨਾਲ ਪੁੱਜਿਆ ਸੀ, ਜਿਸ ਕਰ ਕੇ ਉਸ ਨੂੰ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ। ਵਿਦਿਆਰਥੀ ਉਸ ਸਮੇਂ ਕਲਾਸ ਵਿਚੋਂ ਚਲਾ ਗਿਆ। ਡਾ. ਲਾਲ ਚੰਦ ਅਨੁਸਾਰ ਉਹ ਕਲਾਸ ਵਿਚ ਆਪਣਾ ਕੰਮ ਕਰ ਰਹੇ ਸੀ, ਇਸੇ ਦੌਰਾਨ ਪਿੱਛੋਂ ਆ ਕੇ ਇਸੇ ਵਿਦਿਆਰਥੀ ਉਨ੍ਹਾਂ ਦੇ ਸਿਰ ਵਿਚ ਲੋਹੇ ਦਾ ਟੇਬਲ ਮਾਰ ਦਿੱਤਾ ਤੇ ਉਹ ਹੇਠਾਂ ਡਿੱਗ ਪਏ। ਪ੍ਰੋਫੈਸਰ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਕੰਪਿਊਟਰ ਸਾਇੰਸ ਵਿਭਾਗ ਦੇ ਤੀਜੇ ਸਾਲ ਦੇ ਪੰਜਵੇਂ ਸਮੈਸਟਰ ਦਾ ਵਿਦਿਆਰਥੀ ਚਰਨਪ੍ਰੀਤ ਸਿੰਘ ਹੈ। ਡਾ. ਲਾਲ ਚੰਦ ਦੇ ਸਿਰ ਵਿਚ ਕਰੀਬ ਦੋ ਇੰਚ ਦਾ ਡੂੰਘਾ ਜ਼ਖਮ ਹੋਇਆ ਹੈ ਤੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਸੁਰੱਖਿਆ ਮੁਖੀ ਕੈਪਟਨ ਗੁਰਤੇਜ ਸਿੱਧੂ ਨੇ ਕਿਹਾ ਕਿ ਇਸ ਬਾਰੇ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਲਿਖਤੀ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਜ਼ਖਮੀ ਪ੍ਰੋਫੈਸਰ ਦੇ ਬਿਆਨ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



