ਪੰਜਾਬੀ ਯੂਨੀਵਰਸਿਟੀ ’ਚ ਜਾਅਲੀ ਭਰਤੀ ਘੁਟਾਲੇ ਦੀ ਜਾਂਚ ਰਿਪੋਰਟ ਗਾਇਬ
ਵਿਜੀਲੈਂਸ ਨੂੰ ਭੇਜਣ ਲਈ ਖੋਲ੍ਹੀ ਗਈ ਰਿਪੋਰਟ ਤਾਂ ਸਬੰਧਤ ਪਹਿਲੇ ਅੱਠ ਸਫ਼ੇ ਮਿਲੇ ਗਾਇਬ

ਪਟਿਆਲਾ, 15 ਮਈ- ਪੰਜਾਬੀ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ’ਚ ਜਾਅਲੀ ਮੁਲਾਜ਼ਮ ਭਰਤੀ ਕਰ ਕੇ ਉਨ੍ਹਾਂ ਦੀਆਂ ਤਨਖਾਹਾਂ ਤੇ ਹੋਰ ਲਾਭ ਦੇ ਨਾਂ ’ਤੇ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਰਿਪੋਰਟ ਪੰਜਾਬ ਵਿਜੀਲੈਂਸ ਕੋਲ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਗਈ ਹੈ। ਸੀਲਬੰਦ ਲਿਫ਼ਾਫੇ ’ਚ ਵੀਸੀ ਦਫ਼ਤਰ ’ਚ ਜਮ੍ਹਾਂ ਕਰਵਾਈ ਗਈ ਇਸ ਰਿਪੋਰਟ ਦੇ ਪਹਿਲੇ ਅੱਠ ਅਹਿਮ ਪੰਨੇ ਗਾਇਬ ਮਿਲੇ ਹਨ। ਪਿਛਲੇ ਸਾਲ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ’ਚ ਅਜਿਹੇ ਵਿਅਕਤੀਆਂ ਦੀ ਜਾਅਲੀ ਭਰਤੀ ਤੇ ਉਨ੍ਹਾਂ ਦੀਆਂ ਜਾਅਲੀ ਹਾਜ਼ਰੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜੋ ਯੂਨੀਵਰਸਿਟੀ ’ਚ ਕਿਤੇ ਡਿਊਟੀ ਕਰ ਹੀ ਨਹੀਂ ਰਹੇ ਸਨ। ਸ਼ਿਕਾਇਤ ਹੋਈ ਤਾਂ ਯੂਨੀਵਰਿਸਟੀ ਨੇ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ। ਕਮੇਟੀ ਨੇ ਜਾਂਚ ਕਰ ਕੇ ਇਸ ਦੀ ਰਿਪੋਰਟ ਜੁਲਾਈ 2024 ’ਚ ਵਾਈਸ ਚਾਂਸਲਰ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤੀ। ਸੀਲ ਬੰਦ ਲਿਫ਼ਾਫ਼ੇ ’ਚ ਦਿੱਤੀ ਗਈ ਇਸ ਰਿਪੋਰਟ ’ਚ ਪਹਿਲੇ 14 ਪੰਨੇ ਜਾਂਚ ਦੇ ਨਤੀਜੇ ਤੇ 120 ਤੋਂ ਵੱਧ ਪੰਨੇ ਸ਼ਿਕਾਇਤ ਤੇ ਵੱਖ-ਵੱਖ ਤੱਥਾਂ ਬਾਰੇ ਸਨ। ਉਸ ਸਮੇਂ ਦੇ ਕਾਰਜਕਾਰੀ ਵਾਈਸ ਚਾਂਸਲਰ ਤੇ ਪ੍ਰਮੁੱਖ ਸਕੱਤਰ ਕੇਕੇ ਯਾਦਵ ਨੇ ਜਾਂਚ ਰਿਪੋਰਟ ਦਾ ਇਹ ਲਿਫ਼ਾਫ਼ਾ ਪੱਕੇ ਵੀਸੀ ਤੋਂ ਖੁਲਵਾਉਣ ਦੀ ਗੱਲ ਕਹਿ ਕੇ ਇਕ ਪਾਸੇ ਰੱਖ ਦਿੱਤਾ। ਬਾਅਦ ’ਚ ਜਦੋਂ ਗੁਰੂ ਨਾਨਕ ਦੇਵੀ ਯੁਨੀਵਰਸਿਟੀ ਦੇ ਵੀਸੀ ਡਾ. ਕਰਮਜੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਾ ਵਾਧੂ ਕਾਰਜਭਾਜ ਸੰਭਾਲਿਆ ਤਾਂ ਉਨ੍ਹਾਂ ਇਹ ਰਿਪੋਰਟ ਵਿਜੀਲੈਂਸ ਨੂੰ ਭੇਜਣ ਲਈ ਯੂਨੀਵਰਿਸਟੀ ਦੀ ਸਬੰਧਤ ਬਰਾਂਚ ’ਚ ਭੇਜ ਦਿੱਤੀ। ਸਬੰਧਤ ਬ੍ਰਾਂਚ ਨੇ ਜਦੋਂ ਇਹ ਲਿਫ਼ਾਫ਼ਾ ਖੋਲ੍ਹਿਆ ਤਾਂ ਇਸ ਦੇ ਅਹਿਮ ਪਹਿਲੇ ਅੱਠ ਪੰਨੇ ਗਾਇਬ ਮਿਲੇ। ਸਬੰਧਤ ਬ੍ਰਾਂਚ ਨੇ ਇਸ ਬਾਰੇ ਜਾਂਚ ਕਮੇਟੀ ਨੂੰ ਸੂਚਿਤ ਕੀਤਾ ਕਿ ਰਿਪੋਰਟ ਪੰਨਾ ਨੰਬਰ 9 ਤੋਂ ਸ਼ੁਰੂ ਹੋ ਰਹੀ ਹੈ, ਪਹਿਲੇ ਅੱਠ ਪੰਨੇ ਨੱਥੀ ਨਹੀਂ ਹਨ। ਜਦੋਂ ਜਾਂਚ ਕਮੇਟੀ ਨੇ ਦੇਖਿਆ ਤਾਂ ਰਿਪੋਰਟ ਦੇ ਲਿਫ਼ਾਫ਼ੇ ’ਤੇ ਲਿਖਤ ਵੀ ਬਦਲੀ ਹੋਈ ਮਿਲੀ।
ਕਰੋੜਾਂ ਦੇ ਘਪਲੇ ਦਾ ਸਬੂਤ ਖ਼ਤਮ ਕਰਨ ਚਰਚੇ
ਪੰਜਾਬੀ ਯੂਨੀਵਰਸਿਟੀ ਕੋਲ ਪੁੱਜੀ ਸ਼ਿਕਾਇਤ ਮੁਤਾਬਕ ਸੁਰੱਖਿਆ ਸ਼ਾਖਾ ’ਚ ਕਰੀਬ 10 ਸਾਲ ਤੱਕ ਜਾਅਲੀ ਹਾਜ਼ਰੀਆਂ ਨਾਲ 19 ਕਰੋੜ ਤੋਂ ਵੱਧ ਦਾ ਹੇਰ-ਫੇਰ ਹੋਇਆ ਹੈ। ਤਨਖਾਹਾਂ ਦੇ ਨਾਲ-ਨਾਲ ਪੀਐੱਫ ਤੇ ਈਐੱਸ ਦੇ ਕਰੋੜਾਂ ਰੁਪਏ ਜਾਅਲੀ ਮੁਲਾਜ਼ਮਾਂ ਦੇ ਖਾਤੇ ’ਚ ਜਮਾਂ ਹੁੰਦੇ ਰਹੇ ਹਨ। ਇਸ ਲਈ ਇਹ ਸਿਰਫ਼ ਰਿਪੋਰਟ ਦੇ ਅੱਠ ਪੰਨੇ ਗਾਇਬ ਹੋਣ ਦਾ ਮਾਮਲਾ ਨਹੀਂ ਬਲਕਿ ਕਰੋੜਾਂ ਦੇ ਘਪਲੇ ਦੇ ਸਬੂਤ ਖ਼ਤਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ’ਚ ਇਕ ਸੀਨੀਅਰ ਸਹਾਇਕ ਵੱਲੋਂ ਸਰਕਾਰੀ ਫੰਡਾਂ ’ਚ ਹੇਰ-ਫੇਰ ਕਰਕੇ ਕਰੋੜਾਂ ਦਾ ਘਪਲਾ ਕੀਤਾ ਗਿਆ ਸੀ। ਇਸ ਮਾਮਲੇ ’ਚ ਕੁਝ ਮੁਲਾਜ਼ਮਾਂ ਖ਼ਿਲਾਫ਼ ਪੁਲਿਸ ਕਾਰਵਾਈ ਵੀ ਹੋਈ ਸੀ ਪਰ ਕਰੋੜਾਂ ਦੀ ਰਾਸ਼ੀ ਦੀ ਰਿਕਵਰੀ ਅਜੇ ਤੱਕ ਨਹੀਂ ਹੋ ਸਕੀ।
ਮਾਮਲੇ ਦੀ ਜਾਂਚ ਹੋਵੇਗੀ : ਵਾਈਸ ਚਾਂਸਲਰ
ਇਸ ਮਾਮਲੇ ਬਾਰੇ ਪੰਜਾਬੀ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਬਾਰੇ ਜਾਂਚ ਕਰਵਾਈ ਜਾਵੇਗੀ। ਸਰਕਾਰੀ ਰਿਕਾਰਡ ਨਾਲ ਛੇੜਛਾੜ ਜਾਂ ਫਾਈਲ ਚੋਰੀ ਹੋਣ ਬਾਰੇ ਪੁਲਿਸ ਸ਼ਿਕਾਇਤ ਦੇਣ ਦੇ ਸਵਾਲ ’ਤੇ ਵੀਸੀ ਨੇ ਕਿਹਾ ਕਿ ਲੋੜ ਪੈਣ ’ਤੇ ਪੁਲਿਸ ਸ਼ਿਕਾਇਤ ਵੀ ਕੀਤੀ ਜਾਵੇਗੀ। ਜਾਅਲੀ ਭਰਤੀ ਸਬੰਧੀ ਸਾਲ 2023 ’ਚ ਵੀ ਗਾਇਬ ਹੋਏ ਦਫ਼ਤਰੀ ਰਿਕਾਰਡ ਬਾਰੇ ਪੁੱਛੇ ਜਾਣ ’ਤੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਪੁਰਾਣਾ ਮਾਮਲਾ ਹੈ ਤੇ ਉਨਾਂ ਦੇ ਆਉਣ ਤੋਂ ਪਹਿਲਾਂ ਦਾ ਹੋਵੇਗਾ, ਇਸ ਲਈ ਇਸ ਬਾਰੇ ਜਾਣਕਾਰੀ ਨਹੀਂ।



