Punjab

ਪੰਜਾਬੀ ਨੌਜਵਾਨ ਦੀ ਹਿਮਾਚਲ ਦੇ ਹਵੇਲੀ ਹੋਟਲ ’ਚ ਸ਼ੱਕੀ ਹਾਲਾਤ ਵਿਚ ਮੌਤ

ਮੁਕੇਰੀਆਂ, 5 ਅਗਸਤ : ਮੁਕੇਰੀਆ-ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਮੀਲਵਾਂ ਵਿਖੇ ਪੰਜਾਬ ਦੇ ਕਸਬਾ ਮਾਨਸਰ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨਸ਼ੇ ਕਾਰਨ ਹੋਈ ਹੈ ਅਤੇ ਜਦੋਂ ਉਹ ਸੂਚਨਾ ਮਿਲਣ ’ਤੇ ਹੋਟਲ ਪੁੱਜੇ ਤਾਂ ਹੋਟਲ ਵਾਲਿਆਂ ਨੇ ਕਮਰੇ ਦੀ ਸਫ਼ਾਈ ਕਰ ਦਿੱਤੀ ਸੀ, ਜਦਕਿ ਸਰਿੰਜ ਨਾਲ ਵਰਤੇ ਜਾਣ ਵਾਲਾ ਸਾਮਾਨ ਅਤੇ ਕੁਝ ਹੋਰ ਨਸ਼ੇ ਲਈ ਵਰਤਿਆਂ ਜਾਣ ਵਾਲਾ ਸਾਮਾਨ ਉੱਥੇ ਪਿਆ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਮਾਨਸਰ ਦੇ ਸਰਪੰਚ ਅਨਿਲ ਕੁਮਾਰ ਦੀ ਅਗਵਾਈ ’ਚ ਸੜਕ ’ਤੇ ਹਲਕਾ ਜਾਮ ਲਗਾ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਮੁੱਢਲੀ ਜਾਣਕਾਰੀ ਅਨੁਸਾਰ ਸਚਿਨ ਕੁਮਾਰ ਪੁੱਤਰ ਸੁਦਰਸ਼ਨ ਕੁਮਾਰ (26 ਸਾਲ) ਮੀਲਵਾਂ ਦੇ ਹੋਟਲ ਹਵੇਲੀ ’ਚ ਆਪਣੇ 2 ਦੋਸਤਾਂ ਸਮੇਤ ਰੁਕਿਆ ਹੋਇਆ ਸੀ, ਉਹ ਬੀਤੀ ਰਾਤ ਚੰਡੀਗੜ੍ਹ ਤੋਂ ਸਿੱਧਾ ਇਸ ਹੋਟਲ ’ਚ ਆਇਆ ਸੀ। ਅੱਜ ਸਵੇਰੇ ਉਸ ਦੀ ਮੌਤ ਦੀ ਪੁਸ਼ਟੀ ਹੋਟਲ ਵਾਲਿਆਂ ਵੱਲੋਂ ਕਰਨ ਉਪਰੰਤ ਜਦੋਂ ਪਰਿਵਾਰਕ ਮੈਂਬਰ ਉੱਥੇ ਪੁੱਜੇ ਤਾਂ ਹੋਟਲ ਵਾਲਿਆਂ ਨੇ ਅੰਦਰ ਦੀ ਸਫਾਈ ਕਰ ਦਿੱਤੀ ਸੀ ਤੇ ਮ੍ਰਿਤਕ ਦੀ ਲਾਸ਼ ਕੋਲ ਸਰਿੰਜ ਦਾ ਖੋਲ ਤੇ ਨਸ਼ੀਲੇ ਪਦਾਰਥ ਦੀ ਵਰਤੋਂ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਪਿਆ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੀਲਵਾਂ ਕਸਬੇ ਦੇ ਜਿਆਦਾਤਰ ਹੋਟਲ ਨਸ਼ੇ ਲਈ ਬਦਨਾਮ ਹਨ ਤੇ ਹੋਟਲ ’ਚ ਠਹਿਰੇ ਉਨ੍ਹਾਂ ਦੇ ਲੜਕੇ ਸਚਿਨ ਦੀ ਮੌਤ ਚਿੱਟੇ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਨਾਲ ਹੀ ਹੋਈ ਹੈ। ਮਾਨਸਰ ਦੇ ਸਰਪੰਚ ਅਨਿਲ ਠਾਕੁਰ ਤੇ ਮ੍ਰਿਤਕ ਦੇ ਪਿਤਾ ਸੁਦਰਸ਼ਨ ਕੁਮਾਰ ਨੇ ਹੋਟਲ ਮਾਲਕਾਂ ਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਡੀਐੱਸਪੀ ਇੰਦੋਰਾ ਸੰਜੀਵ ਯਾਦਵ ਨੇ ਕਿਹਾ ਕਿ ਨੌਜਵਾਨਾਂ ਦੀ ਮੌਤ ਦੇ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਣਗੇ, ਪਰ ਮੌਕੇ ‘ਤੇ ਮੁੱਢਲੀ ਜਾਣਕਾਰੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button