
ਤਰਨਤਾਰਨ, 7 ਨਵੰਬਰ : ਤਰਨਤਾਰਨ ਦੇ ਪਿੰਡ ਜੋਧਪੁਰ ਵਾਸੀ 18 ਸਾਲਾ ਕੁੜੀ ਨੂੰ ਕਥਿਤ ਤੌਰ ’ਤੇ ਉਸ ਦੇ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਵੱਲੋਂ ਜਬਰੀ ਜ਼ਹਿਰੀਲੀ ਵਸਤੂ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਵੱਖਰੀ ਜਾਤੀ ਹੋਣ ਕਰਕੇ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਸਬੰਧਾਂ ਤੋਂ ਨਾਂਹ ਕਰਨ ਦੇ ਚੱਲਦਿਆਂ ਨੌਜਵਾਨ ਨੇ ਇਹ ਕਦਮ ਚੁੱਕਿਆ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਨੌਜਵਾਨ ਤੇ ਉਸ ਦੀ ਮਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪਿੰਡ ਦੀ 60 ਸਾਲਾ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਰਮਨਜੀਤ ਸਿੰਘ ਦੀ ਉਸਦੀ 18 ਸਾਲਾ ਲੜਕੀ ਦੇ ਨਾਲ ਗੱਲਬਾਤ ਸੀ। ਅਨੁਸੂਚਿਤ ਜਾਤੀ ਨਾਲ ਸਬੰਧਤ ਨੌਜਵਾਨ ਨਾਲ ਲੜਕੀ ਦੇ ਸਬੰਧਾਂ ਦਾ ਉਹ ਵਿਰੋਧ ਕਰਦੀ ਸੀ। ਜਿਸਦੇ ਚੱਲਦਿਆਂ ਉਸਦੀ ਲੜਕੀ ਨੇ ਜਰਮਨਜੀਤ ਸਿੰਘ ਨੂੰ ਅੱਗੇ ਸਬੰਧਤ ਰੱਖਣ ਤੋਂ ਨਾਂਹ ਕਰ ਦਿੱਤੀ। ਜਿਸ ਦੇ ਚੱਲਦਿਆਂ ਉਕਤ ਨੌਜਵਾਨ ਆਪਣੀ ਮਾਤਾ ਭੋਲੀ ਕੌਰ ਦੀ ਸ਼ਹਿ ’ਤੇ 5 ਨਵੰਬਰ ਨੂੰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ ਤੇ ਲੜਕੀ ਨੂੰ ਜਬਰੀ ਜਹਿਰੀਲੀ ਵਸਤੂ ਦੇ ਦਿੱਤੀ। ਉਨ੍ਹਾਂ ਨੇ ਲੜਕੀ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿਸਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਜਰਮਨਜੀਤ ਸਿੰਘ ਤੇ ਭੋਲੀ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।



