ਪ੍ਰੇਮੀ ਨਾਲ ਰਲ ਕੇ ਨਹਿਰ ‘ਚ ਸੁੱਟੇ ਪਤੀ ਦੀ ਲਾਸ਼ ਹਰਿਆਣਾ ਤੋਂ ਬਰਾਮਦ
ਪਤਨੀ ਤੇ ਪ੍ਰੇਮੀ ਖਿਲਾਫ ਕਤਲ ਦਾ ਮਾਮਲਾ ਦਰਜ

ਭਵਾਨੀਗੜ੍ਹ, 29 ਮਾਰਚ-ਪਿਛਲੇ ਦਿਨੀਂ ਨੇੜਲੇ ਪਿੰਡ ਰੇਤਗੜ੍ਹ ਦੀ ਇਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਵਾਉਣ ਦਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ। ਉਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਸ਼ੁੱਕਰਵਾਰ ਦੇਰ ਰਾਤ ਹਰਿਆਣਾ ਦੇ ਫਤਿਹਾਬਾਦ ਨੇੜੇ ਨਹਿਰ ‘ਚੋਂ ਪੁਲਿਸ ਨੇ ਬੱਗਾ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਪਰੰਤ ਪੁਲਿਸ ਨੇ ਔਰਤ ਤੇ ਉਸਦੇ ਪ੍ਰੇਮੀ ਵਿਰੁੱਧ ਦਰਜ ਅਗਵਾ ਦੇ ਮਾਮਲੇ ‘ਚ ਕਤਲ ਦੀ ਧਾਰਾ ਦਾ ਵਾਧਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮ੍ਰਿਤਕ ਬੱਗਾ ਸਿੰਘ ਦੇ ਜਵਾਈ ਸਿੰਦਰਪਾਲ ਸਿੰਘ ਨਿਵਾਸੀ ਰਤੀਆ (ਹਰਿਆਣਾ) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਸੱਸ ਬੇਅੰਤ ਕੌਰ ਤੇ ਸਤਨਾਮ ਸਿੰਘ ਵਾਸੀ ਪਿੰਡ ਬਿਜਲਪੁਰ ਦੇ ਆਪਸੀ ਸਬੰਧ ਸਨ। ਇਸ ਕਾਰਨ ਉਸਦਾ ਸਹੁਰਾ ਬੱਗਾ ਸਿੰਘ ਆਪਣੀ ਪਤਨੀ ਬੇਅੰਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬੇਅੰਤ ਕੌਰ ਨੇ ਹੀ ਬੱਗਾ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਪ੍ਰੇਮੀ ਸਤਨਾਮ ਸਿੰਘ ਤੋਂ ਅਗਵਾ ਕਰਵਾਇਆ ਹੈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਬੇਅੰਤ ਕੌਰ ਤੇ ਉਕਤ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਦੋਵਾਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਨਾਲ ਹੀ ਪੁਲਿਸ ਵਲੋਂ ਲਾਪਤਾ ਚੱਲ ਰਹੇ ਬੱਗਾ ਸਿੰਘ ਦੀ ਤਲਾਸ਼ ਵੀ ਕੀਤੀ ਜਾ ਰਹੀ ਸੀ। ਪੁਲਿਸ ਹਿਰਾਸਤ ਦੌਰਾਨ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਬੱਗਾ ਸਿੰਘ ਨੂੰ ਉਸਦੇ ਘਰੋਂ ਆਪਣੇ ਨਾਲ ਲੈ ਕੇ ਗਿਆ ਸੀ। ਉਸ ਨੇ ਬੱਗਾ ਸਿੰਘ ਨੂੰ ਸ਼ਰਾਬ ਪਿਲਾਉਣ ਮਗਰੋਂ ਸਮਾਣਾ ਦੇ ਧਨੇਠਾ ਪੁਲ ਨੇੜੇ ਭਾਖੜਾ ‘ਚ ਸੁੱਟ ਦਿੱਤਾ। ਇਸ ਖੁਲਾਸੇ ਤੋਂ ਬਾਅਦ ਪੁਲਸ ਸਤਨਾਮ ਸਿੰਘ ਦੀ ਨਿਸ਼ਾਨਦੇਹੀ ‘ਤੇ ਗੋਤਾਖੋਰਾਂ ਦੀ ਮਦਦ ਨਾਲ ਵੱਖ-ਵੱਖ ਥਾਵਾਂ ‘ਤੇ ਨਹਿਰ ਵਿਚ ਬੱਗਾ ਸਿੰਘ ਦੀ ਲਗਾਤਾਰ ਭਾਲ ਕਰ ਰਹੀ ਸੀ ‘ਤੇ ਇਸ ਦੌਰਾਨ ਪੁਲਿਸ ਨੂੰ ਉਸਦੀ ਲਾਸ਼ ਸ਼ੁੱਕਰਵਾਰ ਦੇਰ ਰਾਤ ਫਤਿਹਾਬਾਦ ਤੋਂ ਕਰੀਬ 15 ਕਿਲੋਮੀਟਰ ਅੱਗੇ ਸਲੇਮ ਖੇੜਾ ਨਹਿਰ ਤੋਂ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦਿਆਂ ਉਕਤ ਮਾਮਲੇ ‘ਚ ਮੁਲਜ਼ਮ ਬੇਅੰਤ ਕੌਰ ਤੇ ਉਸਦੇ ਪ੍ਰੇਮੀ ਸਤਨਾਮ ਸਿੰਘ ਵਾਸੀ ਬਿਜਲਪੁਰ ਵਿਰੁੱਧ ਪਹਿਲਾਂ ਤੋਂ ਹੀ ਅਗਵਾ ਕਰਨ ਦੇ ਦਰਜ ਕੇਸ ਵਿੱਚ ਹੱਤਿਆ ਦੀ ਧਾਰਾ ਦਾ ਵਾਧਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।



