ਪ੍ਰਾਪਰਟੀ ਟੈਕਸ ਭਰਨ ਲਈ 31 ਅਗਸਤ ਤੱਕ ਮਿਲੀ ਛੋਟ
ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਨਾਲ ਮਿਲਿਆ ਸੁਨਹਿਰੀ ਮੌਕਾ

ਬਾਲ ਕਿਸ਼ਨ
ਫ਼ਿਰੋਜ਼ਪੁਰ, 27 ਅਗਸਤ : ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਭਰਨ ਵਾਲੇ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਇਆਦਾਰ ਹੁਣ ਆਪਣੇ ਪਿਛਲੇ ਸਾਲਾਂ ਦਾ ਬਕਾਇਆ ਟੈਕਸ ਕੇਵਲ ਮੂਲ ਰਕਮ ਦੇ ਰੂਪ ਵਿਚ 31 ਅਗਸਤ 2025 ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਸਕੀਮ ਅਧੀਨ ਉਨ੍ਹਾਂ ਤੋਂ ਕੋਈ ਵੀ ਵਿਆਜ ਜਾਂ ਜੁਰਮਾਨਾ ਨਹੀਂ ਲਿਆ ਜਾਵੇਗਾ। ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਪਹਿਲਾਂ 15 ਅਗਸਤ ਤੱਕ ਛੋਟ ਦਿੱਤੀ ਗਈ ਸੀ ਪਰ ਹੁਣ ਇਸਦੀ ਮਿਆਦ ਵਧਾ ਕੇ 31 ਅਗਸਤ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਦਾ ਹਰ ਬਾਸ਼ਿੰਦਾ ਆਪਣਾ ਟੈਕਸ ਸਮੇਂ ’ਤੇ ਭਰ ਕੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਵੇ। ਉਨ੍ਹਾਂ ਕਿਹਾ ਕਿ ਜੇਕਰ 31 ਅਗਸਤ ਤੱਕ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਬਾਅਦ ਵਿੱਚ ਕਰਦਾਤਾਵਾਂ ਨੂੰ ਕਈ ਗੁਣਾ ਵੱਧ ਟੈਕਸ ਭਰਨਾ ਪਵੇਗਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਲੈਣ। ਨਰਿੰਦਰ ਕੁਮਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਕਰਨ ਲਈ ਨਗਰ ਕੌਂਸਲ ਜ਼ੀਰਾ ਦਾ ਪੂਰਾ ਸਟਾਫ਼ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਦਫ਼ਤਰ ਵਿੱਚ ਹਾਜ਼ਰ ਰਹੇਗਾ। ਇਸ ਮੌਕੇ ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਪ੍ਰੀਤ ਸਿੰਘ ਜੱਜ ਆਗੂ ਆਮ ਆਦਮੀ ਪਾਰਟੀ, ਅਮਨਦੀਪ ਸਿੰਘ ਦਰਗਨ ਅਕਾਊਂਟੈਂਟ, ਜਸਲੀਨ ਸ਼ਰਮਾ, ਦਮਨ ਸ਼ਰਮਾ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।



